''ਸਿਗਰਟਨੋਸ਼ੀ ਕਰਨ ਵਾਲਿਆਂ ''ਚ ਕੋਰੋਨਾ ਵਾਇਰਸ ਦਾ ਖਤਰਾ ਜ਼ਿਆਦਾ''

05/31/2020 4:40:08 PM

ਨਵੀਂ ਦਿੱਲੀ (ਵਾਰਤਾ)— ਕੋਰੋਨਾ ਵਾਇਰਸ ਸਾਹ ਤੰਤਰ ਨਾਲ ਜੁੜੀ ਬੀਮਾਰੀ ਹੈ। ਕਿਉਂਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜੇ ਅਤੇ ਸਾਹ ਤੰਤਰ ਵਿਚ ਪਹਿਲਾਂ ਤੋਂ ਹੀ ਮੁਸ਼ਕਲਾਂ ਰਹਿੰਦੀਆਂ ਹਨ, ਇਸ ਕਾਰਨ ਸਿਗਰਟਨੋਸ਼ੀ ਕਰਨ ਵਾਲਿਆਂ 'ਚ ਕੋਰੋਨਾ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਲੋਕਾਂ ਨੂੰ ਸਾਹ ਲੈਣ ਵਿਚ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਅਤੇ ਰਿਸਰਚ ਸੈਂਟਰ ਦੇ ਡਾਇਰੈਕਟਰ ਸਰਜੀਕਲ ਓਨਕੋਲਾਜੀ ਡਾ. ਏ. ਕੇ. ਦੀਵਾਨ ਨੇ ਅੱਜ ਇਹ ਗੱਲ ਆਖੀ। 

ਉਨ੍ਹਾਂ ਨੇ ਵਿਸ਼ਵ ਸਿੰਗਠਨ ਸੰਗਠਨ (ਡਬਲਿਊ. ਐੱਚ. ਓ.) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤਮਾਕੂ ਦਾ ਇਸਤੇਮਾਲ ਕੋਰੋਨਾ ਬੀਮਾਰੀ ਦੇ ਲੱਛਣਾਂ ਦੇ ਗੰਭੀਰ ਹੋਣ ਦਾ ਖਤਰਾ ਵਧਾ ਦਿੰਦਾ ਹੈ। ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ ਵਿਚ ਸਿਗਰਟਨੋਸ਼ੀ ਕਰਨ ਵਾਲੇ ਮਰੀਜ਼ਾਂ 'ਤੇ ਕੋਰੋਨਾ ਦੇ ਮਾੜੇ ਪ੍ਰਭਾਵ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ਲੋਕਾਂ ਨੂੰ ਆਈ. ਸੀ. ਯੂ. ਵਿਚ ਭਰਤੀ ਕਰਨ, ਵੈਂਟੀਲੇਟਰ 'ਤੇ ਰੱਖਣ ਦੀ ਲੋੜ ਜ਼ਿਆਦਾ ਹੁੰਦੀ ਹੈ ਅਤੇ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। 

ਡਾ. ਦੀਵਾਨ ਨੇ ਕਿਹਾ ਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਵਿਚ ਅਜਿਹੇ ਲੋਕ ਜ਼ਿਆਦਾ ਹਨ, ਜਿਨ੍ਹਾਂ ਦੀ ਸਿਗਰਟਨੋਸ਼ੀ ਨਾਲ ਸਿੱਧਾ ਸਬੰਧ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਿਗਰਟਨੋਸ਼ੀ ਨਾਲ ਦਿਲ, ਸ਼ੂਗਰ, ਹਾਈਪਰਟੈਂਸ਼ਨ, ਡਿਜੀਜ਼ ਜਾਂ ਕੈਂਸਰ ਵਰਗੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ ਅਤੇ ਮਰੀਜ਼ ਕੋਰੋਨਾ ਦੇ ਗੰਭੀਰ ਲੱਛਣਾਂ ਨੂੰ ਸਹਿਣ ਨਹੀਂ ਕਰ ਪਾਉਂਦੇ। ਇਸ ਲਈ ਸਿਹਤ ਸੰਕਟ ਦੌਰਾਨ ਸਿਗਰਟਨੋਸ਼ੀ ਛੱਡਣਾ ਬੇਹੱਦ ਜ਼ਰੂਰੀ ਹੈ। ਓਧਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਲੋਕਾਂ ਨੂੰ ਇਸ ਬਾਰੇ ਚਿਤਾਵਨੀ ਦਿੱਤੀ ਹੈ ਕਿ ਜਨਤਕ ਥਾਵਾਂ 'ਤੇ ਥੁੱਕਣ ਨਾਲ ਕੋਰੋਨਾ ਵਾਇਰਸ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਸਰਕਾਰ ਨੇ ਜਨਤਕ ਥਾਵਾਂ 'ਤੇ ਥੁੱਕਣ ਦੀ ਪਾਬੰਦੀ ਲਾਈ ਹੈ।

Tanu

This news is Content Editor Tanu