ਸਮਾਰਟ ਸਿਟੀ ਦੀ ਨਵੀਂ ਸੂਚੀ ਜਾਰੀ, ਨਵਾਂ ਰਾਏਪੁਰ ਅਤੇ ਰਾਜਕੋਟ ਸ਼ਾਮਲ

06/23/2017 5:32:19 PM

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਸਮਾਰਟ ਸਿਟੀ ਮਿਸ਼ਨ ਦੇ ਅਧੀਨ ਵਿਕਾਸ ਲਈ ਜਿਨ੍ਹਾਂ 30 ਸ਼ਹਿਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ, ਉਨ੍ਹਾਂ 'ਚ ਕੇਰਲ ਦਾ ਤਿਰੁਅਨੰਤਪੁਰਮ, ਛੱਤੀਸਗੜ੍ਹ ਦਾ ਨਵਾਂ ਰਾਏਪੁਰ ਅਤੇ ਗੁਜਰਾਤ ਦਾ ਰਾਜਕੋਟ ਸ਼ਹਿਰ ਸ਼ਾਮਲ ਹੈ। ਇਸ ਨਵੇਂ ਐਲਾਨ ਨਾਲ ਕੇਂਦਰ ਦੀ ਸਮਾਰਟ ਸਿਟੀ ਯੋਜਨਾ ਦੇ ਅਧੀਨ ਚੁਣੇ ਸ਼ਹਿਰਾਂ ਦੀ ਗਿਣਤੀ 90 ਹੋ ਗਈ ਹੈ। ਨਵੀਂ ਸੂਚੀ ਦੇ ਐਲਾਨ ਨਾਲ ਜੁੜੇ ਪ੍ਰੋਗਰਾਮ 'ਚ ਸ਼ਹਿਰੀ ਵਿਕਾਸ ਮੰਤਰੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸਮਾਰਟ ਸਿਟੀ ਲਈ ਸੂਚੀ 'ਚ 40 ਸ਼ਹਿਰਾਂ ਲਈ ਸਥਾਨ ਖਾਲੀ ਸੀ ਪਰ ਕੰਮ ਕਰਨ ਯੋਗ ਯੋਜਨਾ ਯਕੀਨੀ ਕਰਨ ਲਈ 30 ਸ਼ਹਿਰਾਂ ਦੀ ਚੋਣ ਕੀਤੀ ਗਈ। 
ਸਮਾਰਟ ਸਿਟੀ ਯੋਜਨਾਵਾਂ ਦੇ ਅਧੀਨ 57,393 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਹੈ। ਸਮਾਰਟ ਸਿਟੀ ਯੋਜਨਾ ਦੇ ਅਧੀਨ ਜਾਰੀ ਤੀਜੇ ਚਰਨ ਦੀ ਸੂਚੀ 'ਚ ਆਂਧਰਾ ਪ੍ਰਦੇਸ਼ ਦਾ ਅਮਰਾਵਤੀ, ਬਿਹਾਰ ਦਾ ਪਟਨਾ, ਤੇਲੰਗਾਨਾ ਦਾ ਕਰੀਮਨਗਰ ਅਤੇ ਬਿਹਾਰ ਦਾ ਮੁਜ਼ੱਫਰਪੁਰ ਵੀ ਸ਼ਾਮਲ ਹੈ। ਸਮਾਰਟ ਸਿਟੀ ਦੇ ਅਧੀਨ ਕੇਂਦਰ ਹਰ ਸ਼ਹਿਰ ਨੂੰ 5 ਸਾਲ ਦੀ ਮਿਆਦ 'ਚ 500 ਕਰੋੜ ਰੁਪਏ ਪ੍ਰਦਾਨ ਕਰਦਾ ਹੈ ਤਾਂ ਕਿ ਵੱਖ-ਵੱਖ ਵਿਕਾਸ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਸਕੇ।