ਪਹਿਲੀ ਵਾਰ 6 ਔਰਤਾਂ ਨੇ ਪਾਸ ਕੀਤੀ ਡਿਫੈਂਸ ਸਰਵਿਸਿਜ਼ ਦੀ ਪ੍ਰੀਖਿਆ

11/19/2022 11:12:58 AM

ਨਵੀਂ ਦਿੱਲੀ (ਭਾਸ਼ਾ)- ਪਹਿਲੀ ਵਾਰ ਫ਼ੌਜ ਦੀਆਂ 6 ਮਹਿਲਾ ਅਧਿਕਾਰੀਆਂ ਨੇ ਵੱਕਾਰੀ ‘ਡਿਫੈਂਸ ਸਰਵਿਸਿਜ਼ ਸਟਾਫ ਕੋਰਸ’ (ਡੀ.ਐੱਸ.ਐੱਸ.ਸੀ.) ਅਤੇ ‘ਡਿਫੈਂਸ ਸਰਵਿਸਿਜ਼ ਟੈਕਨੀਕਲ ਸਟਾਫ ਕੋਰਸ’ (ਡੀ.ਐੱਸ.ਟੀ.ਐੱਸ.ਸੀ.) ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਪ੍ਰੀਖਿਆਵਾਂ ਦਾ ਆਯੋਜਨ ਹਰ ਸਾਲ ਸਤੰਬਰ ਵਿਚ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀ.ਐੱਸ.ਐੱਸ.ਸੀ. ਅਤੇ ਡੀ.ਐੱਸ.ਟੀ.ਐੱਸ.ਸੀ. ਪ੍ਰੀਖਿਆ ਪਾਸ ਕਰਨ ਵਾਲੀਆਂ 6 ਮਹਿਲਾ ਅਧਿਕਾਰੀਆਂ ਵਿਚੋਂ 4 ਅਧਿਕਾਰੀ ਤਿੰਨਾਂ ਸੇਵਾਵਾਂ ਦੇ ਆਪਣੇ ਮਰਦ ਹਮਅਹੁਦਿਆਂ ਦੇ ਨਾਲ ਤਾਮਿਲਨਾਡੂ ਦੇ ਵੇਲਿੰਗਟਨ ਵਿਚ ਸਥਿਤ ‘ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ’ ਵਿਚ ਇਕ ਸਾਲ ਦਾ ਕੋਰਸ ਕਰਨਗੀਆਂ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੁਪਵਾੜਾ 'ਚ ਗਸ਼ਤ ਦੌਰਾਨ ਬਰਫ਼ ਦੇ ਤੋਦੇ ਡਿੱਗਣ ਨਾਲ 3 ਜਵਾਨ ਸ਼ਹੀਦ

ਮਹਿਲਾ ਅਧਿਕਾਰੀਆਂ ਨੂੰ ਸਟਾਫ਼ ਨਿਯੁਕਤੀਆਂ ਦੇ ਪਰਿਚਾਲਨ, ਫ਼ੌਜੀ ਖੁਫ਼ੀਆ, ਪਰਿਚਾਲਨ ਅਤੇ ਪ੍ਰਸ਼ਾਸਨਿਕ ਪਹਿਲੂਆਂ ’ਤੇ ਟਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਕਮਾਂਡ ਨਿਯੁਕਤੀਆਂ ਲਈ ਵਿਚਾਰ ਦੌਰਾਨ ਵੱਕਾਰੀ ਸਟਾਫ਼ ਕੋਰਸ ਦਾ ਲੋੜੀਂਦਾ ਮਹੱਤਵ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬਾਕੀ 2 ਮਹਿਲਾ ਅਧਿਕਾਰੀਆਂ ਵਿਚੋਂ ਇਕ ਡੀ.ਐੱਸ.ਟੀ.ਐੱਸ.ਸੀ. ਦੀ ਰਾਖਵੀਂ ਸੂਚੀ ਵਿਚ ਹੈ ਅਤੇ ਦੂਜੀ ਨੂੰ ‘ਐਡਮਨਿਸਟ੍ਰੇਸ਼ਨ ਐਂਡ ਲਾਜਿਸਟਿਕਸ ਮੈਨੇਜਮੈਂਟ ਕੋਰਸ’ (ਏ.ਐੱਲ.ਐੱਮ.ਸੀ.)/‘ਇੰਟੈਲੀਜੈਂਸ ਸਟਾਫ ਕੋਰਸ’ (ਆਈ.ਐੱਸ.ਸੀ.) ਲਈ ਚੁਣਿਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ,''ਡੀ.ਐੱਸ.ਐੱਸ.ਸੀ. ਲਈ ਨਾਮਜ਼ਦ ਚਾਰ ਮਹਿਲਾ ਅਧਿਕਾਰੀਆਂ 'ਚੋਂ ਇਕ ਮਹਿਲਾ ਡੀ.ਐੱਸ.ਐੱਸ.ਸੀ. ਪ੍ਰੀਖਿਆ ਪਾਸ ਕਰਨ ਵਾਲੇ ਇਕ ਅਧਿਕਾਰੀ ਦੀ ਪਤਨੀ ਹੈ, ਯਾਨੀ ਇਹ ਫ਼ੌਜ ਦੇ ਇਤਿਹਾਸ 'ਚ ਪਹਿਲਾ ਜੋੜਾ ਹੋਵੇਗਾ, ਜੋ ਵੇਲਿੰਗਟਨ 'ਚ ਇਕੱਠੇ ਸਿਖਲਾਈ ਲਵੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha