ਅੱਤਵਾਦੀਆਂ ਨਾਲ ਸੰਬੰਧਾਂ ਦੇ ਦੋਸ਼ ’ਚ ਜੰਮੂ ਕਸ਼ਮੀਰ ਸਰਕਾਰ ਦੇ 6 ਕਰਮੀ ਬਰਖ਼ਾਸਤ

09/22/2021 5:58:40 PM

ਸ਼੍ਰੀਨਗਰ- ਜੰਮੂ ਕਸ਼ਮੀਰ ਸਰਕਾਰ ਦੇ 2 ਪੁਲਸ ਮੁਲਾਜ਼ਮਾਂ ਸਮੇਤ 6 ਕਰਮੀਆਂ ਨੂੰ ਅੱਤਵਾਦੀਆਂ ਨਾਲ ਸੰਬੰਧਾਂ ਨੂੰ ਲੈ ਕੇ ਬੁੱਧਵਾਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੰਵਿਧਾਨ ਦੀ ਧਾਰਾ 311 (2) (ਸੀ) ਦੇ ਅਧੀਨ ਮਾਮਲਿਆਂ ਦੀ ਸਿਫ਼ਾਰਿਸ਼ ਕਰਨ ਲਈ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਵਿਸ਼ੇਸ਼ ਕਮੇਟੀ ਨੇ ਇਨ੍ਹਾਂ ਦੀ ਬਰਖ਼ਾਸਤਗੀ ਨੂੰ ਮਨਜ਼ੂਰੀ ਦਿੱਤੀ। 6 ਕਰਮੀਆਂ ਨੂੰ ਅੱਤਵਾਦੀਆਂ ਨਾਲ ਸੰਪਰਕ ਰੱਖਣ ਅਤੇ ਉਨ੍ਹਾਂ ਦੇ ਕੰਮ ਕਰਨ ਨੂੰ ਲੈ ਕੇ ਬਰਖ਼ਾਸਤ ਕਰ ਦਿੱਤਾ ਗਿਆ। ਇਨ੍ਹਾਂ ਕਰਮੀਆਂ ’ਚ ਅਨੰਤਨਾਗ ਦੇ ਬਿਜਬੇਹਰਾ ਵਾਸੀ ਅਬਦੁੱਲ ਹਾਮਿਦ ਵਾਨੀ ਵੀ ਸ਼ਾਮਲ ਹਨ, ਜੋ ਅਧਿਆਪਕ ਦੇ ਤੌਰ ’ਤੇ ਤਾਇਨਾਤ ਸੀ। ਅਧਿਕਾਰੀਆਂ ਅਨੁਸਾਰ ਸਰਕਾਰੀ ਸੇਵਾ ’ਚ ਆਉਣ ਤੋਂ ਪਹਿਲਾਂ, ਵਾਨੀ ਅੱਤਵਾਦੀ ਸੰਗਠਨ, ਅੱਲਾਹ ਟਾਈਗਰਜ਼ ਦਾ ਜ਼ਿਲ੍ਹਾ ਕਮਾਂਡਰ ਸੀ। ਦੋਸ਼ ਹੈ ਕਿ ਵਾਨੀ ਨੇ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਪ੍ਰਭਾਵ ਦਾ ਫ਼ਾਇਦਾ ਚੁੱਕ ਕੇ ਬਿਨਾਂ ਕਿਸੇ ਚੋਣ ਪ੍ਰਕਿਰਿਆ ਦੇ ਆਯੋਜਕਾਂ ’ਚ ਇਕ ਸੀ। ਇਹ ਵੀ ਦੋਸ਼ ਹੈ ਕਿ ਉਸ ਨੇ ਵੱਖਵਾਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। 

ਅਧਿਕਾਰੀਆਂ ਨੇ ਕਿਹਾ ਕਿ ਜੰਮੂ ਖੇਤਰ ਦੇ ਕਿਸ਼ਤਵਾੜ ਵਾਸੀ ਪੁਲਸ ਕਾਂਸਟੇਬਲ ਜ਼ਫਰ ਹੁਸੈਨ ਬਟ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਥਿਆਰਾਂ ਦੇ ਕਾਰੋਬਾਰ ਦੇ ਇਕ ਮਾਮਲੇ ’ਚ ਦੋਸ਼ ਪੱਤਰ ਦਾਇਰ ਕੀਤਾ ਸੀ। ਬਟ ਹਾਲੇ ਜ਼ਮਾਨਤ ’ਤੇ ਹੈ ਅਤੇ ਦੋਸ਼ ਹੈ ਕਿ ਉਸ ਨੇ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨੂੰ ਆਪਣੀ ਕਾਰ ਦਿੱਤੀ ਸੀ ਅਤੇ ਉਨ੍ਹਾਂ ਦੀ ਸੁਰੱਖਿਅਤ ਆਵਾਜਾਈ ’ਚ ਮਦਦ ਕੀਤੀ ਸੀ। ਅਧਿਕਾਰੀਆਂ ਅਨੁਸਾਰ ਕਿਸ਼ਤਵਾੜ ਦੇ ਰਹਿਣ ਵਾਲੇ ਅਤੇ ਸੜਕ ਤੇ ਭਵਨ ਵਿਭਾਗ ’ਚ ਸਹਾਇਕ ਮੁਹੰਮਦ ਰਫ਼ੀ ਭਟ ਨੂੰ ਕਿਸ਼ਤਵਾੜ ’ਚ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨੂੰ ਸਮਾਨ ਮੁਹੱਈਆ ਕਰਵਾਉਣ ਅਤੇ ਅੱਤਵਾਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ’ਚ ਮਦਦ ਨੂੰ ਲੈ ਕੇ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਸ ਦਾ ਨਾਮ ਵੀ ਐੱਨ.ਆਈ.ਏ. ਵਲੋਂ ਦਰਜ ਐੱਫ.ਆਈ.ਆਰ. ’ਚ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਫਿਲਹਾਲ ਉਹ ਜ਼ਮਾਨਤ ’ਤੇ ਹੈ।

ਉਨ੍ਹਾਂ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਦੇ ਵਾਸੀ ਲਿਆਕਤ ਅਲੀ ਕਕਰੂ ਨੂੰ 2001 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਪਤਾ ਚੱਲਿਆ ਕਿ ਉਹ ਇਕ ਸਥਾਨਕ ਪੱਧਰ ’ਤੇ ਸਿਖਲਾਈ ਪ੍ਰਾਪਤ ਅੱਤਵਾਦੀ ਸੀ। ਉਹ 1983 ਤੋਂ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ। ਉਸਦੇ ਕਬਜ਼ੇ ’ਚੋਂ ਇਕ ਵਿਸਫੋਟਕ ਪਦਾਰਥ ਮਿਲਿਆ ਸੀ ਅਤੇ ਉਸ ’ਤੇ 2002 ’ਚ ਜਨਤਕ ਸੁਰੱਖਿਆ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ’ਚ ਉਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਪੁੰਛ ਵਾਸੀ ਅਤੇ ਜੰਗਲਾਤ ਵਿਭਾਗ ’ਚ ਰੇਂਜ ਅਧਿਕਾਰੀ ਵਜੋਂ ਕੰਮ ਕਰ ਰਹੇ ਤਾਰਿਕ ਮਹਿਮੂਦ ਕੋਹਲੀ ਨੂੰ ਪਾਕਿਸਤਾਨ ਤੋਂ ਨਕਲੀ ਭਾਰਤੀ ਨੋਟ, ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਹੋਣ ਦੇ ਦੋਸ਼ ’ਚ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਸ 'ਤੇ ਸਰਗਰਮ ਅੱਤਵਾਦੀਆਂ ਦੇ ਸੰਪਰਕ ’ਚ ਹੋਣ ਦਾ ਦੋਸ਼ ਹੈ। ਮੱਧ ਕਸ਼ਮੀਰ ਦੇ ਬਡਗਾਮ ਦੇ ਰਹਿਣ ਵਾਲੇ ਇਕ ਹੋਰ ਪੁਲਸ ਕਾਂਸਟੇਬਲ ਸ਼ੌਕਤ ਅਹਿਮਦ ਖਾਨ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਸ 'ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਦੇ ਘਰੋਂ ਹਥਿਆਰ ਲੁੱਟਣ ਦਾ ਦੋਸ਼ ਹੈ। ਉਹ ਵਿਧਾਨ ਪ੍ਰੀਸ਼ਦ ਮੈਂਬਰ ਦੇ ਨਿੱਜੀ ਸੁਰੱਖਿਆ ਕਰਮਚਾਰੀ ਵਜੋਂ ਤਾਇਨਾਤ ਸਨ।

DIsha

This news is Content Editor DIsha