ਅਫ਼ਗਾਨਿਸਤਾਨ 'ਚ ਹਾਲਾਤ ਬੇਹੱਦ ਖਰਾਬ; ਕਾਬੁਲ ਤੋਂ ਦਿੱਲੀ ਪੁੱਜੇ 129 ਯਾਤਰੀ, ਮਹਿਲਾ ਨੇ ਰੋਂਦੇ ਹੋਏ ਬਿਆਨ ਕੀਤਾ ਦਰਦ

08/16/2021 12:10:27 PM

ਨਵੀਂ ਦਿੱਲੀ- ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਕਹਿਰ ਕਾਰਨ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਇਕ ਪਾਸੇ ਜਿੱਥੇ ਭਾਰਤ 15 ਅਗਸਤ ਨੂੰ ਆਪਣੀ ਆਜ਼ਾਦੀ ਦਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ, ਤਾਂ ਉਥੇ ਹੀ ਦੂਜੇ ਪਾਸੇ ਅਫ਼ਗਾਨਿਸਤਾਨ 'ਤੇ ਪੂਰੀ ਤਰ੍ਹਾਂ ਨਾਲ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਤਾਲਿਬਾਨ ਲੜਾਕਿਆਂ ਨੇ ਅਫ਼ਗਾਨਿਸਤਾਨ ਦੀ ਰਾਸ਼ਟਰੀ ਰਾਜਧਾਨੀ ਕਾਬੁਲ 'ਤੇ ਧਾਵਾ ਬੋਲਿਆ ਅਤੇ ਰਾਸ਼ਟਰਪਤੀ ਭਵਨ ਸਮੇਤ ਕਈ ਅਹਿਮ ਖੇਤਰਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਦਰਮਿਆਨ ਭਾਰਤ ਦੇ ਏਅਰ ਇੰਡੀਆ ਜਹਾਜ਼ ਤੋਂ ਅਫ਼ਗਾਨ ਤੋਂ ਕਰੀਬ 129 ਲੋਕ ਨਵੀਂ ਦਿੱਲੀ ਪਹੁੰਚੇ ਹਨ। ਇਨ੍ਹਾਂ ਵਿਚ ਹਾਮਿਦ ਕਰਜ਼ਈ ਦੇ ਚਚੇਰੇ ਭਰਾ ਅਤੇ ਸਾਬਕਾ ਸੰਸਦ ਮੈਂਬਰ ਵਰਗੇ ਕਈ ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ : ਅਫਗਾਨਿਸਤਾਨ : ਰਾਜਧਾਨੀ ਕਾਬੁਲ 'ਚ ਦਾਖਲ ਹੋਏ ਤਾਲਿਬਾਨੀ ਅੱਤਵਾਦੀ, ਬਾਰਡਰ 'ਤੇ ਵੀ ਕੀਤਾ ਕਬਜ਼ਾ

ਕਾਬੁਲ ਤੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੀ ਇਕ ਮਹਿਲਾ ਦਾ ਦਰਦ ਫੁਟ ਪਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਦੁਨੀਆ ਨੇ ਅਫ਼ਗਾਨਿਸਤਾਨ ਨੂੰ ਛੱਡ ਦਿੱਤਾ। ਸਾਡੇ ਦੋਸਤ ਮਾਰੇ ਜਾ ਰਹੇ ਹਨ। ਤਾਲਿਬਾਨ ਸਾਨੂੰ ਮਾਰਨ ਜਾ ਰਿਹਾ ਹੈ, ਸਾਡੀਆਂ ਔਰਤਾਂ ਨੂੰ ਕੋਈ ਹੋਰ ਅਧਿਕਾਰ ਨਹੀਂ ਮਿਲਣ ਵਾਲਾ ਹੈ। ਆਮ ਨਾਗਰਿਕਾਂ ਨਾਲ ਅਫ਼ਗਾਨਿਸਤਾਨ ਦੇ ਕਈ ਰਾਜਨੇਤਾ ਅਤੇ ਅਧਿਕਾਰੀ ਵੀ ਐਤਵਾਰ ਨੂੰ ਦਿੱਲੀ ਪਹੁੰਚੇ। ਹਵਾਈ ਅੱਡੇ 'ਤੇ ਉਤਰਦੇ ਹੀ ਅਫ਼ਗਾਨਿਸਤਾਨ ਦੇ ਸਾਬਕਾ ਸੰਸਦ ਮੈਂਬਰ ਜਮੀਲ ਕਰਜਈ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਮੈਂ  ਉਥੋਂ ਦੌੜਿਆ ਤਾਂ ਉਥੋਂ ਦੇ ਹਾਲਾਤ ਤੁਸੀਂ ਸਮਝ ਸਕਦੇ ਹੋ। ਰਾਸ਼ਟਰਪਤੀ ਅਸ਼ਰਫ ਗਨੀ ਦੀ ਟੀਮ ਗੱਦਾਰ ਹੈ, ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ। ਲੋਕ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।

ਇਹ ਵੀ ਪੜ੍ਹੋ : ਤਾਲਿਬਾਨ ਨੇ ਮਨੁੱਖੀ ਸੰਕਟ ਨੂੰ ਦਿੱਤੀ ‘ਹਵਾ’, 4 ਲੱਖ ਲੋਕ ਹੋਏ ਬੇਘਰ

ਓਧਰ ਹੀ ਅਫ਼ਗਾਨਿਸਤਾਨ ਦੇ ਪਕਤੀਆ ਸੂਬੇ ਦੇ ਸੰਸਦ ਮੈਂਬਰ ਸਈਅਦ ਹਸਨ ਪਕਤੀਆਵਲ ਵੀ ਦਿੱਲੀ ਪਹੁੰਚੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਾਲਾਤ ਬੇਹੱਦ ਖ਼ਰਾਬ ਹਨ। ਮੈਂ ਦੇਸ਼ ਛੱਡਣਾ ਨਹੀਂ ਚਾਹੁੰਦਾ। ਮੈਂ ਇੱਥੇ ਇਕ ਬੈਠਕ ਲਈ ਆਇਆ ਹਾਂ, ਮੈਂ ਅਫ਼ਗਾਨਿਸਤਾਨ ਵਾਪਸ ਜਾਵਾਂਗਾ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਵੀ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਨੂੰ ਲੈ ਕੇ ਚਿੰਤਤ ਹਨ। ਦੱਸ ਦੇਈਏ ਕਿ ਤਾਲਿਬਾਨ ਦੇ ਕਹਿਰ ਕਾਰਨ ਅਫ਼ਗਾਨਿਸਤਾਨ ਵਿਚ ਹਾਲਾਤ ਬੇਹੱਦ ਖਰਾਬ ਹਨ। ਕਈ ਇਲਾਕਿਆਂ ਵਿਚ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀ ਦੇਸ਼ ਛੱਡ ਦਿੱਤਾ ਹੈ, ਕਿਉਂਕਿ ਤਾਲਿਬਾਨ ਨੇ ਰਾਜਧਾਨੀ ਕਾਬੁਲ 'ਚ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੀ ਹਿੰਸਾ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ :  ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਛੱਡਿਆ ਦੇਸ਼, ਅਹਿਮਦ ਨੂੰ ਮਿਲ ਸਕਦੀ ਹੈ ਸੱਤਾ

Tanu

This news is Content Editor Tanu