ਘੰਟਿਆਂ ਤੱਕ ਬੈਠੇ ਰਹਿਣ ਦੀ ਆਦਤ ਬਣਾ ਸਕਦੀ ਹੈ ਅਪਾਹਜ

02/16/2019 5:14:24 PM

ਨਵੀਂ ਦਿੱਲੀ (ਏਜੰਸੀਆਂ)— ਸਰੀਰਕ ਅਸਮਰਥਾ ਬੀਮਾਰੀ ਤੇ ਅਪਾਹਜਤਾ ਦਾ ਇਕ ਪ੍ਰਮੁੱਖ ਕਾਰਨ ਹੈ। ਕੁਝ ਨਾ ਕਰਨ ਤੋਂ ਬਿਹਤਰ ਹੈ ਕਿ ਕੋਈ ਵੀ ਸਰਗਰਮੀ ਕੀਤੀ ਜਾਵੇ। ਲੋਕਾਂ ਨੂੰ ਪ੍ਰਤੀ ਹਫਤਾ 150 ਮਿੰਟ ਤੱਕ ਕਸਰਤ ਕਰਨੀ ਚਾਹੀਦੀ ਹੈ ਪਰ ਕੁਝ ਖੋਜਕਾਰਾਂ ਦਾ ਤਰਕ ਹੈ ਕਿ ਇਹ ਸਿਫਾਰਸ਼ ਕੁਝ ਲੋਕਾਂ ਨੂੰ ਭਾਰੀ ਲੱਗ ਸਕਦੀ ਹੈ।

ਦਿ ਲਾਂਸੇਟ 'ਚ ਪ੍ਰਕਾਸ਼ਿਤ ਇਕ ਲੇਖ 'ਚ ਦੇਖਿਆ ਗਿਆ ਹੈ ਕਿ 10 'ਚੋਂ 4 ਭਾਰਤੀ ਲੋੜ ਮੁਤਾਬਕ ਸਰਗਰਮ ਨਹੀਂ ਹਨ। ਕੁਝ ਅਧਿਐਨਾਂ ਨੇ ਇਥੋਂ ਤੱਕ ਕਿਹਾ ਕਿ 52 ਫੀਸਦੀ ਭਾਰਤੀ ਸਰੀਰਕ ਰੂਪ ਤੋਂ ਅਸਮਰੱਥ ਹਨ। ਇਕ ਹੋਰ ਅਧਿਐਨ ਤੋਂ ਸੰਕੇਤ ਮਿਲਿਆ ਹੈ ਕਿ ਗਤੀਹੀਣ ਜੀਵਨਸ਼ੈਲੀ ਸਿਗਰਟਨੋਸ਼ੀ, ਸ਼ੂਗਰ ਤੇ ਦਿਲ ਦੇ ਰੋਗਾਂ ਤੋਂ ਵੀ ਬਦਤਰ ਹੈ। ਇਸ ਬਾਰੇ ਡਾ. ਕੇ. ਕੇ. ਅਗਰਵਾਲ ਨੇ ਕਿਹਾ ਕਿ ਕਸਰਤ ਦੀ ਕਮੀ ਸੈਲੂਲਰ ਪੱਧਰ ਤੱਕ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਆਧੁਨਿਕ ਅਤੇ ਉੱਨਤ ਤਕਨੀਕ ਨੇ ਨਿਸ਼ਚਿਤ ਰੂਪ 'ਚ ਸਾਡੇ ਲਈ ਜੀਵਨ ਨੂੰ ਸੌਖਾ ਤੇ ਸਹੂਲਤਾਂ ਭਰਪੂਰ ਬਣਾ ਦਿੱਤਾ ਹੈ। ਆਨਲਾਈਨ ਸ਼ਾਪਿੰਗ, ਆਨਲਾਈਨ ਭੁਗਤਾਨ, ਜਾਣਕਾਰੀ ਤੱਕ ਪਹੁੰਚ, ਇਹ ਸਾਰੇ ਕੰਮ ਅਸੀਂ ਘਰ ਬੈਠੇ ਆਰਾਮ ਨਾਲ ਕਰ ਸਕਦੇ ਹਾਂ ਪਰ ਕੀ ਤਕਨੀਕ ਨੇ ਅਸਲ 'ਚ ਸਾਡੇ ਜੀਵਨ ਨੂੰ ਬਿਹਤਰ ਬਣਾਇਆ ਹੈ? ਇਸ ਨੇ ਇਕ ਗੜਬੜ ਇਹ ਵੀ ਕੀਤੀ ਹੈ ਕਿ ਸਿਹਤ ਦੀ ਕੀਮਤ 'ਤੇ ਸਾਡੀ ਜੀਵਨਸ਼ੈਲੀ ਦਾ ਪੈਟਰਨ ਬਦਲ ਗਿਆ ਹੈ ਤੇ ਅਸੀਂ ਹੁਣ ਸਰੀਰਕ ਰੂਪ 'ਚ ਘੱਟ ਸਰਗਰਮ ਹਾਂ।

ਉਨ੍ਹਾਂ ਕਿਹਾ ਕਿ ਕੰਪਿਊਟਰ 'ਤੇ ਲੰਮੇ ਸਮੇਂ ਤੱਕ ਡੈਸਕ 'ਤੇ ਬੈਠ ਕੇ, ਸਮਾਰਟਫੋਨ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ, ਟੀ. ਵੀ. ਦੇਖਦਿਆਂ ਜਾਂ ਮੀਟਿੰਗ 'ਚ ਬੈਠੇ ਹੋਏ, ਇਹ ਸਾਰੀਆਂ ਸਰਗਰਮੀਆਂ ਗਤੀਹੀਣ ਵਰਤਾਓ ਨੂੰ ਉਤਸ਼ਾਹ ਦਿੰਦੀਆਂ ਹਨ। ਕਸਰਤ ਸਰੀਰਕ ਸਰਗਰਮੀ ਦਾ ਬਦਲ ਨਹੀਂ ਹੈ। ਕਸਰਤ ਨੂੰ ਯੋਜਨਾ ਬਣਾ ਕੇ ਕੀਤਾ ਜਾਂਦਾ ਹੈ, ਇਹ ਵਿਵਸਥਿਤ ਹੁੰਦੀ ਹੈ ਤੇ ਇਸ ਨੂੰ ਦੁਹਰਾਇਆ ਜਾਂਦਾ ਹੈ, ਜਦੋਂ ਕਿ ਹੋਰ ਸਰਗਰਮੀਆਂ ਖਾਲੀ ਸਮੇਂ 'ਚ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਣਾ ਜਾਂ ਖੁਦ ਦਾ ਕੋਈ ਕੰਮ ਕਰਨਾ ਅਤੇ ਇਨ੍ਹਾਂ ਸਭ ਸਰਗਰਮੀਆਂ ਨਾਲ ਸਿਹਤ ਨੂੰ ਫਾਇਦੇ ਹੁੰਦੇ ਹਨ।

ਸਰੀਰਕ ਸਰਗਰਮੀਆਂ ਲਈ ਕੁਝ ਸੁਝਾਅ–
* ਜਿੰਨੀ ਵਾਰ ਹੋ ਸਕੇ ਪੌੜੀਆਂ ਰਾਹੀਂ ਆਓ-ਜਾਓ।
* ਇਕ ਸਟਾਪ ਪਹਿਲਾਂ ਉੱਤਰੋ ਤੇ ਬਾਕੀ ਰਸਤਾ ਪੈਦਲ ਚੱਲ ਕੇ ਜਾਓ।
* ਬੈਠ ਕੇ ਮੀਟਿੰਗ ਕਰਨ ਦੀ ਬਜਾਏ ਖੜ੍ਹੇ ਰਹਿ ਕੇ ਮੀਟਿੰਗ ਕਰੋ।
* ਨੇੜੇ ਦੀਆਂ ਦੁਕਾਨਾਂ 'ਤੇ ਪੈਦਲ ਹੀ ਜਾਓ।
* ਫੋਨ 'ਤੇ ਗੱਲ ਕਰਦੇ ਸਮੇਂ ਖੜ੍ਹੇ ਰਹੋ ਜਾਂ ਤੁਰਦੇ ਰਹੋ।
* ਇੰਟਰਕਾਮ ਜਾਂ ਫੋਨ ਦੀ ਵਰਤੋਂ ਕਰਨ ਦੀ ਬਜਾਏ ਆਪਣੇ ਸਹਿਯੋਗੀ ਨਾਲ ਗੱਲ ਕਰਨ ਲਈ ਚੱਲ ਕੇ ਉਨ੍ਹਾਂ ਕੋਲ ਜਾਓ।
* ਕੰਮ ਦੌਰਾਨ ਜਾਂ ਦੁਪਹਿਰ ਦੇ ਖਾਣੇ ਦੌਰਾਨ ਆਪਣੀ ਇਮਾਰਤ ਦੇ ਚਾਰੇ ਪਾਸੇ ਘੁੰਮੋ।
* ਰੋਜ਼ਾਨਾ 80 ਮਿੰਟ ਚੱਲੋ। ਹਫਤੇ 'ਚ 80 ਮਿੰਟ ਤੱਕ ਪ੍ਰਤੀ ਮਿੰਟ 80 ਕਦਮ ਦੀ ਰਫਤਾਰ ਨਾਲ ਬ੍ਰਿਸਕ ਵਾਕ ਕਰੋ।

Baljit Singh

This news is Content Editor Baljit Singh