ਭਾਜਪਾ ਵੱਲੋਂ MCD ਚੋਣਾਂ 'ਚ ਸਿਰਸਾ ਨੂੰ 'ਸਟਾਰ ਪ੍ਰਚਾਰਕ' ਬਣਾਉਣ 'ਤੇ ਜੀ. ਕੇ. ਨੇ ਵਿੰਨ੍ਹੇ ਤਿੱਖੇ ਨਿਸ਼ਾਨੇ

12/08/2022 8:13:07 PM

ਨਵੀਂ ਦਿੱਲੀ (ਬਿਊਰੋ) : ਦਿੱਲੀ ਨਗਰ ਨਿਗਮ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਸਿੱਖ ਹਲਕਿਆਂ ’ਚ ਹੋਈ ਹਾਰ ਦਾ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਆਪਣੇ ਤੌਰ ’ਤੇ ਵਿਸ਼ਲੇਸ਼ਣ ਕੀਤਾ ਹੈ। ਪਾਰਟੀ ਦਫ਼ਤਰ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ. ਕੇ. ਨੇ ਸਾਫ਼ ਕਿਹਾ ਕਿ ਭਾਜਪਾ ਨੇ ਸਿੱਖ ਵੋਟਾਂ ਲਈ ਗਲਤ ਲੋਕਾਂ ਨੂੰ ਵਰਤਿਆ ਹੈ। ਭਾਜਪਾ ਨੇ ਸਿੱਖ ਕੌਮ ਦੇ ‘ਸਟਾਰ ਦੋਸ਼ੀ’ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੀ ਪਾਰਟੀ ਦਾ ‘ਸਟਾਰ ਪ੍ਰਚਾਰਕ’ ਬਣਾ ਕੇ ਵੱਡੀ ਗਲਤੀ ਕੀਤੀ ਹੈ। ਜਿਥੇ ਸਿਰਸਾ ਪ੍ਰਚਾਰ ਕਰਨ ਲਈ ਨਹੀਂ ਗਿਆ, ਉਥੇ ਸਗੋਂ 2 ਸਿੱਖ ਉਮੀਦਵਾਰ ਰਾਜਾ ਇਕਬਾਲ ਸਿੰਘ, ਮੁਖਰਜੀ ਨਗਰ ਵਾਰਡ ਅਤੇ ਅਰਜੁਨ ਪਾਲ ਸਿੰਘ ਮਰਵਾਹਾ ਲਾਜਪਤ ਨਗਰ ਵਾਰਡ ਤੋਂ ਚੋਣ ਜਿੱਤ ਗਏ ਪਰ ਸਿੱਖ ਪ੍ਰਭਾਵ ਵਾਲੇ ਵਿਧਾਨ ਸਭਾ ਹਲਕਿਆਂ ਰਜਿੰਦਰ ਨਗਰ, ਪਟੇਲ ਨਗਰ, ਮੋਤੀ ਨਗਰ, ਮਾਦੀਪੁਰ, ਰਾਜੌਰੀ ਗਾਰਡਨ, ਹਰੀ ਨਗਰ, ਤਿਲਕ ਨਗਰ, ਜਨਕਪੁਰੀ ਅਤੇ ਵਿਕਾਸ ਪੁਰੀ ਦੇ ਨਗਰ ਨਿਗਮ ਵਾਰਡਾਂ ’ਚ ਭਾਜਪਾ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ।

ਇਹ ਵੀ ਪੜ੍ਹੋ : ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇ ਦਾ ਕੰਮ ਬੰਦ ਕਰਦਿਆਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਜੀ. ਕੇ. ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਤੁਸੀਂ ਪੁਲਸ ਦੇ ਜ਼ੋਰ ਨਾਲ ਇਨ੍ਹਾਂ ਨੂੰ ਦਿੱਲੀ ਕਮੇਟੀ ’ਚ ਤਾਂ ਵਾੜ ਦਿੱਤਾ ਪਰ ਤੁਸੀਂ ਇਨ੍ਹਾਂ ਗੁਸਤਾਖੀਆਂ ਕਰਕੇ ਦਿੱਲੀ ਦੇ ਸਿੱਖਾਂ ਦੇ ਦਿਲਾਂ ’ਚੋਂ ਉਤਰ ਗਏ ਹੋ ਕਿਉਂਕਿ ਸਿੱਖ ਆਪਣੇ ਗੁਰਧਾਮਾਂ ’ਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਕਦੇ ਪ੍ਰਵਾਨ ਨਹੀਂ ਕਰਦੇ। ਇਸੇ ਤਰ੍ਹਾਂ ਹਰਿਆਣਾ ਕਮੇਟੀ ਦੀ ਹੋਂਦ ਨੂੰ ਬਚਾਉਣ ਵਾਸਤੇ ਭਾਜਪਾ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਵੀ ਸਿੱਖਾਂ ਨੂੰ ਪਸੰਦ ਨਹੀਂ ਆਈਆਂ। ਜਾਗੋ ਪਾਰਟੀ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਵੇਂ ਮੁਸਲਮਾਨ ਉਨ੍ਹਾਂ ਨੂੰ ਅਤੇ ਸਿੱਖ ਭਾਜਪਾ ਨੂੰ ਛੱਡ ਗਏ, ਕੱਲ੍ਹ ਨੂੰ ਸਿੱਖ ਆਮ ਆਦਮੀ ਪਾਰਟੀ ਨੂੰ ਵੀ ਛੱਡ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh