ਸਿਮ ਕਾਰਡ ਦੀ ਦੁਰਵਰਤੋਂ ਨੂੰ ਲੈ ਕੇ ਘਾਟੀ ’ਚ 19 ਸਥਾਨਾਂ ’ਤੇ ਐੱਸ. ਆਈ. ਏ. ਦੇ ਛਾਪੇ

05/08/2022 9:51:04 AM

ਸ਼੍ਰੀਨਗਰ(ਭਾਸ਼ਾ)- ਅੱਤਵਾਦੀਆਂ ਵੱਲੋਂ ਸਿਮ ਕਾਰਡ ਦੀ ਦੁਰਵਰਤੋਂ ਅਤੇ ਦੂਰਸੰਚਾਰ ਵਿਕ੍ਰੇਤਾਵਾਂ ਵੱਲੋਂ ਫਰਜ਼ੀ ਤਰੀਕੇ ਨਾਲ ਉਨ੍ਹਾਂ ਦੀ ਵਿਕਰੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਸੂਬਾਈ ਜਾਂਚ ਏਜੰਸੀ (ਐੱਸ. ਆਈ. ਏ.) ਨੇ ਸ਼ਨੀਵਾਰ ਨੂੰ ਘਾਟੀ ਦੇ 19 ਸਥਾਨਾਂ ’ਤੇ ਛਾਪੇ ਮਾਰੇ।

ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ, ਉਨ੍ਹਾਂ ਦੇ ਓਵਰ-ਗਰਾਊਂਡ ਵਰਕਰਾਂ (ਓ. ਜੀ. ਡਬਲਿਊ.), ਨਸ਼ੇ ਵਾਲੇ ਪਦਾਰਥਾਂ ਦੇ ਸਮੱਗਲਰਾਂ ਅਤੇ ਹੋਰ ਮੁਲਜ਼ਮਾਂ ਵੱਲੋਂ ਸਿਮ ਕਾਰਡ ਦੀ ਵਧਦੀ ਦੁਰਵਰਤੋਂ ਨੂੰ ਵੇਖਦੇ ਹੋਏ ਇਹ ਛਾਪੇ ਮਾਰੇ ਗਏ ਹਨ। ਉਨ੍ਹਾਂ ਨੇ ਦੱਸਿਆ, ‘‘ਐੱਸ. ਆਈ. ਏ. ਨੇ 11 ਵੱਖ-ਵੱਖ ਮਾਮਲਿਆਂ ’ਚ ਕਸ਼ਮੀਰ ’ਚ 19 ਕੰਪਲੈਕਸਾਂ ਦੀ ਤਲਾਸ਼ੀ ਲਈ।’’ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਟਿਕਾਣੇ ‘ਪੁਆਇੰਟ ਆਫ ਸੇਲ’ (ਪੀ. ਓ. ਐੱਸ.) ਵਿਕ੍ਰੇਤਾਵਾਂ ਦੇ ਹਨ, ਜੋ ਦੂਰਸੰਚਾਰ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਸਿਮ ਕਾਰਡ ਵੇਚਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਮਾਮਲਿਆਂ ’ਚ ਸ਼ੁਰੂਆਤੀ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਅੱਤਵਾਦੀਆਂ ਵੱਲੋਂ ਸਰਹੱਦ ਪਾਰ ਉਨ੍ਹਾਂ ਦੇ ਆਕਾਵਾਂ ਅਤੇ ਜੰਮੂ-ਕਸ਼ਮੀਰ ’ਚ ਹੋਰ ਮਾਡਿਊਲ ਨਾਲ ਸੰਪਰਕ ਬਣਾਈ ਰੱਖਣ ’ਚ ਮਦਦ ਕਰਨ ਲਈ ਇਹ ਸਿਮ ਕਾਰਡ ਖਰੀਦੇ ਗਏ ਹਨ।

ਅਧਿਕਾਰੀਆਂ ਨੇ ਕਿਹਾ ਕਿ ਕੁਲਗਾਮ ’ਚ ਚਾਵਲਗਾਮ ’ਚ ਇਕ ਪੀ. ਓ. ਐੱਸ. ਵਿਕ੍ਰੇਤਾ ਨੇ ਐੱਮ/ਐੱਸ. ਏਅਰਟੈੱਲ ਮਾਈਕ੍ਰੋ ਵਰਲਡ ਦੇ ਨਾਂ ਨਾਲ ਗੌਹਰ ਅਹਿਮਦ ਹਜਾਮ ਨਾਂ ਦੇ ਅਜਿਹੇ ਵਿਅਕਤੀ ਲਈ ਸਿਮ ਕਾਰਡ ਬਣਾਇਆ, ਜੋ ਮੌਜੂਦ ਹੀ ਨਹੀਂ ਸੀ ਅਤੇ ਉਸ ਨੇ ਇਹ ਕਾਰਡ ਕੁਲਗਾਮ ’ਚ ਕੈਮੋਹ ਦੇ ਵਿਅਕਤੀ ਨੂੰ ਦੇ ਦਿੱਤਾ, ਜੋ ਅੱਤਵਾਦੀ ਸੰਗਠਨ ਅੰਸਾਰ-ਗਜਾਵਤ-ਉਲ-ਹਿੰਦ ਦਾ ਓ. ਜੀ. ਡਬਲਿਊ. ਨਿਕਲਿਆ।ਅਧਿਕਾਰੀਆਂ ਨੇ ਦੱਸਿਆ ਕਿ ਐੱਸ. ਆਈ. ਏ. ਵਿਕ੍ਰੇਤਾ, ਸਬਸਕ੍ਰਾਈਬਰ ਅਤੇ ਓ. ਜੀ. ਡਬਲਿਊ. ਤਿੰਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤਾਂ ਕਿ ਵਾਧੂ ਸਬੂਤ ਇਕੱਠੇ ਕੀਤੇ ਜਾ ਸਕਣ।

Tanu

This news is Content Editor Tanu