ਸੰਦੇਸ਼ਖਾਲੀ : ਆਈ. ਪੀ. ਐੱਸ. ਅਧਿਕਾਰੀ ਨੂੰ ਭਾਜਪਾ ਕਾਰਕੁੰਨਾਂ ਨੇ ਕਿਹਾ ‘ਖਾਲਿਸਤਾਨੀ’

02/21/2024 12:31:04 PM

ਕੋਲਕਾਤਾ, (ਭਾਸ਼ਾ)– ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਪੱਛਮੀ ਬੰਗਾਲ ’ਚ ਉੱਤਰੀ 24 ਪਰਗਨਾ ਜ਼ਿਲੇ ਦੇ ਅਸ਼ਾਂਤ ਸੰਦੇਸ਼ਖਾਲੀ ਦਾ ਦੌਰਾ ਕਰਨ ਤੋਂ ਰੋਕਣ ਲਈ ਧਮਖਾਲੀ ’ਚ ਤਾਇਨਾਤ ਇਕ ਸਿੱਖ ਆਈ. ਪੀ. ਐੱਸ. ਅਧਿਕਾਰੀ ਨੂੰ ਭਾਜਪਾ ਕਾਰਕੁੰਨਾਂ ਦੇ ਇਕ ਗਰੁੱਪ ਵਲੋਂ ਕਥਿਤ ਤੌਰ ’ਤੇ ‘ਖਾਲਿਸਤਾਨੀ’ ਕਿਹਾ ਗਿਆ, ਜਿਸ ਨਾਲ ਅਧਿਕਾਰੀ ਗੁੱਸੇ ’ਚ ਆ ਗਏ। ਅਧਿਕਾਰੀ ਦੇ ਨਾਲ ਮੌਜੂਦ ਭਾਜਪਾ ਵਿਧਾਇਕ ਅਗਨੀਮਿੱਤਰ ਪਾਲ ਨੇ ਦਾਅਵਾ ਕੀਤਾ ਕਿ ਪੁਲਸ ਅਧਿਕਾਰੀ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਅ ਰਹੇ ਸਨ ਅਤੇ ਇਸ ਦੋਸ਼ ਨੂੰ ਖਾਰਿਜ ਕਰ ਦਿੱਤਾ ਕਿ ਭਾਜਪਾ ਸਮਰਥਕਾਂ ਵੱਲੋਂ ਉਨ੍ਹਾਂ ਨੂੰ ‘ਖਾਲਿਸਤਾਨੀ’ ਕਿਹਾ ਸੀ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਦੀ ਵੰਡ ਪਾਊ ਰਾਜਨੀਤੀ ਨੇ ਬੜੀ ਹੀ ਬੇਸ਼ਰਮੀ ਨਾਲ ਸੰਵਿਧਾਨਕ ਹੱਦਾਂ ਪਾਰ ਕਰ ਦਿੱਤੀਆਂ ਹਨ।

ਬੈਨਰਜੀ ਨੇ ਸਿੱਖਾਂ ਦੇ ਮਾਣ ਨੂੰ ਢਾਹ ਲਾਉਣ ਦੀ ਕੋਝੀ ਕੋਸ਼ਿਸ਼ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਸਾਡੇ ਦੇਸ਼ ਲਈ ਉਨ੍ਹਾਂ ਦੀ ਕੁਰਬਾਨੀ ਅਤੇ ਅਟੁੱਟ ਦ੍ਰਿੜ ਸੰਕਲਪ ਲਈ ਸਤਿਕਾਰ ਦਿੱਤਾ ਜਾਂਦਾ ਹੈ।

ਸਰਨਾ ਨੇ ਆਈ. ਟੀ. ਸੈੱਲ ਦੀ ਕੀਤੀ ਤਿੱਖੀ ਆਲੋਚਨਾ

ਦਿੱਲੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਪੱਛਮੀ ਬੰਗਾਲ ’ਚ ਇਕ ਸਿੱਖ ਆਈ. ਪੀ. ਐੱਸ. ਅਧਿਕਾਰੀ ਦਾ ਅਪਮਾਨ ਕਰਨ ਦੇ ਮੁੱਦੇ ’ਤੇ ਭਾਜਪਾ ਦੇ ਆਨਲਾਈਨ ਈਕੋਸਿਸਟਮ, ਖਾਸ ਤੌਰ ’ਤੇ ਆਈ. ਟੀ. ਸੈੱਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ’ਚ ਸਿੱਖ ਆਈ. ਪੀ. ਐੱਸ. ਅਧਿਕਾਰੀ ਜਸਪ੍ਰੀਤ ਸਿੰਘ ਦੇ ਮਾਮਲੇ ਨੂੰ ਇਸ ਜ਼ਹਿਰੀਲੇ ਸੱਭਿਆਚਾਰ ਦੇ ਮਾੜੇ ਪ੍ਰਭਾਵ ਦੀ ਇਕ ਜਿਊਂਦੀ ਉਦਾਹਰਨ ਦੱਸਿਆ।

ਸਰਨਾ ਨੇ ਸਪੱਸ਼ਟ ਤੌਰ ’ਤੇ ਕਿਹਾ, ‘‘ਜਸਪ੍ਰੀਤ ਸਿੰਘ ਨਾਲ ਹੋਇਆ ਦੁਰਵਿਹਾਰ ਇਸ ਬਦਨਾਮ ਆਈ. ਟੀ. ਸੈੱਲ ਵੱਲੋਂ ਪੈਦਾ ਕੀਤੇ ਗਏ ਜ਼ਹਿਰੀਲੇ ਗੰਦੇ ਪਾਣੀ ਦਾ ਪ੍ਰਤੱਖ ਨਤੀਜਾ ਹੈ।’’ ਸਰਨਾ ਅਨੁਸਾਰ, ਸੈੱਲ ਲਗਾਤਾਰ ਸਿੱਖਾਂ ਪ੍ਰਤੀ ਨਫ਼ਰਤ, ਅਪਮਾਨ ਅਤੇ ਕੱਟੜਤਾ ਨੂੰ ਉਤਸ਼ਾਹ ਦਿੰਦਾ ਹੈ, ਜਿਸ ਦਾ ਸਿੱਖਾਂ ਅਤੇ ਪਾਰਟੀ ਵਿਚਾਲੇ ਵਧਦੀ ਤਰੇੜ ’ਚ ਯੋਗਦਾਨ ਹੁੰਦਾ ਹੈ।

Rakesh

This news is Content Editor Rakesh