ਪੰਜਾਬ ਖਿੜਕੀ 5: ਸਿੱਖ ਰਾਜ ਦੀ ਅਣਗੌਲੀ ਵਿਰਾਸਤ ਕਾਂਗੜੇ ਦਾ ਕਿਲ੍ਹਾ (ਵੇਖੋ ਤਸਵੀਰਾਂ)

10/20/2020 12:51:12 PM

ਹਿਮਾਚਲ 'ਚ ਕਈ ਕਿਲ੍ਹੇ ਹਨ ਪਰ ਕਾਂਗੜੇ ਦਾ ਕਿਲ੍ਹਾ ਦੁਨੀਆ ਦੇ ਪੁਰਾਤਨ ਕਿਲ੍ਹਿਆਂ 'ਚੋਂ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ।ਇਸਦੀ ਖ਼ਾਸੀਅਤ ਬਣਾਵਟ ਅਤੇ ਸ਼ਿਲਪ ਕਲਾ ਕਰਕੇ ਹੈ । ਇੱਥੇ ਫ਼ੌਜੀ ਸਾਜੋ ਸਾਮਾਨ ਅਤੇ ਧੰਨ ਦੌਲਤ ਵੀ ਵੱਡੀ ਮਾਤਰਾ 'ਚ ਮੌਜੂਦ ਸੀ।ਮੰਨਿਆ ਜਾਂਦਾ ਹੈ ਕਿ ਇਹ ਕਿਲ੍ਹਾ ਨੌਵੀਂ ਦਸਵੀਂ ਸਦੀ ਤੋਂ ਪਹਿਲਾਂ ਦਾ ਬਣਿਆ ਹੈ।ਕਿਸੇ ਸਮੇਂ ਕਾਂਗੜੇ ਨੂੰ ਕੋਟ ਕਾਂਗੜਾ ਜਾਂ ਨਗਰ ਕੋਟ ਕਹੇ ਜਾਣ ਦੇ ਹਵਾਲੇ ਵੀ ਮਿਲਦੇ ਹਨ। ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ  ਮਹਿਮੂਦ ਗਜ਼ਨਵੀ ਨੇ1009 ਈ.'ਚ ਇਸ ਕਿਲ੍ਹੇ ਨੂੰ ਜਿੱਤਿਆ ਸੀ।ਮਗਰੋਂ ਦਿੱਲੀ ਦੇ ਰਾਜੇ ਨੇ ਇਸ ਕਿਲ੍ਹੇ 'ਤੇ ਕਬਜ਼ਾ ਕਰ ਲਿਆ।ਸਮਾਂ ਆਉਣ 'ਤੇ ਮੁਹੰਮਦ ਸ਼ਾਹ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਨੇ ਵੀ ਇਸ ਕਿਲ੍ਹੇ ਨੂੰ ਆਪਣੇ ਅਧੀਨ ਰੱਖਿਆ। ਮੁਗਲ ਬਾਦਸ਼ਾਹ ਜਹਾਂਗੀਰ ਨੇ ਕਿਲ੍ਹੇ 'ਤੇ ਆਪਣਾ ਅਧਿਕਾਰ ਸਥਾਪਿਤ ਕਰਕੇ ਸੈਫ਼ ਅਲੀ ਖ਼ਾਨ ਨੂੰ ਮੁਗਲ ਗਵਰਨਰ ਥਾਪ ਦਿੱਤਾ। ਜਹਾਂਗੀਰ ਦੇ ਰਾਜ 'ਚ ਕਿਲ੍ਹੇ ਅੰਦਰ ਜਹਾਂਗੀਰੀ ਮਸੀਤ  ਅਤੇ ਦਰਵਾਜ਼ਾ ਵੀ  ਉਸਾਰਿਆ ਗਿਆ ਸੀ।ਔਰੰਗਜ਼ੇਬ ਦੇ ਸ਼ਾਸਨ ਕਾਲ 'ਚ ਇਹ ਕਿਲ੍ਹਾ ਮੁਗਲਾਂ ਅਧੀਨ ਹੀ ਰਿਹਾ। 1786 ਈ. 'ਚ ਰਾਜਾ ਸੰਸਾਰ ਚੰਦ ਦੂਜਾ (ਪੰਜਾਬ ਦੇ ਪਹਾੜਾਂ ਦਾ ਤਾਕਤਵਰ ਰਾਜਾ) ਨੇ ਇਸ 'ਤੇ ਕਬਜ਼ਾ ਕਰ ਲਿਆ। ਨੇਪਾਲ ਦੇ ਗੋਰਖਾ ਰਾਜਾ ਅਮਰ ਸਿੰਘ ਥਾਪਾ ਨੇ ਵੀ ਇਸਨੂੰ ਆਪਣੇ ਅਧੀਨ ਰੱਖਿਆ।ਗੁਰਦਾਸਪੁਰ ਦੇ ਸਿੱਖ ਆਗੂ ਜੈ ਸਿੰਘ ਘਨੱਈਆ ਦੁਆਰਾ ਕਿਲ੍ਹੇ 'ਤੇ ਅਧਿਕਾਰ ਸਥਾਪਿਤ ਕਰਨ ਦਾ ਇਤਿਹਾਸਕ ਜ਼ਿਕਰ ਵੀ ਮਿਲਦਾ ਹੈ।


 ਹਿੰਦੂ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਕਿਲ੍ਹਾ ਖ਼ਾਲੀ ਕਰਵਾਉਣ ਲਈ ਮਦਦ ਮੰਗੀ। ਹੋਈ ਸੰਧੀ ਮੁਤਾਬਿਕ ਮਹਾਰਾਜੇ ਨੇ ਕਿਲ੍ਹੇ ਨੂੰ 1809 ਵਿੱਚ ਆਪਣੇ ਅਧੀਨ ਕਰ ਲਿਆ। ਕਿਲ੍ਹੇ ਦਾ ਮੁੱਖ ਦਵਾਰ ਮਹਾਰਾਜਾ ਰਣਜੀਤ ਸਿੰਘ ਨੇ ਨਾਮ ਹੇਠ ਬਣਿਆ ਹੈ।ਮਹਾਰਾਜੇ ਦੇ ਸ਼ਾਸਨ ਕਾਲ ਅੰਦਰ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦਾ ਇਹ ਦਰਵਾਜ਼ਾ ਅੱਜ ਵੀ ਕਿਲ੍ਹੇ 'ਚ  ਮੌਜੂਦ ਹੈ। ਮਹਾਰਾਜੇ ਦੇ ਸਮੇਂ ਖ਼ਾਲਸਾ ਵਿਰਾਸਤਾਂ ਖ਼ਾਸ ਤੌਰ ਤੇ ਸਾਂਭੀਆਂ ਜਾਂਦੀਆਂ ਸਨ ।ਮਹਾਰਾਜੇ ਦੇ ਨਾਮ ਦੇ ਮੁੱਖ ਦਵਾਰ ਤੋਂ ਇਲਾਵਾ ਕਿਲ੍ਹੇ ਅੰਦਰ ਹੋਰ ਕੋਈ ਖ਼ਾਲਸਾ ਰਾਜ ਦੀ ਨਿਸ਼ਾਨੀ ਨਹੀਂ ਮਿਲਦੀ। ਇਹ ਗੱਲ ਮੰਦਭਾਗੀ ਹੈ ਕਿ ਖ਼ਾਲਸਾ ਰਾਜ ਦੀਆਂ ਵਿਰਾਸਤੀ ਚੀਜ਼ਾਂ ਦੀ ਸਾਂਭ ਸੰਭਾਲ ਨਾ ਹੋ ਸਕੀ।

ਕਿਲ੍ਹੇ ਅੰਦਰ ਮੰਦਿਰ,ਮਸੀਤ,ਜੇਲ੍ਹ,ਖੂਹ ਅਤੇ ਪਾਣੀ ਦੇ ਪ੍ਰਬੰਧ ਦੀਆਂ ਨਿਸ਼ਾਨੀਆਂ ਅੱਜ ਵੀ ਵੇਖਣ ਨੂੰ ਮਿਲਦੀਆਂ ਹਨ।  ਹਿੰਦੂ ਦੇਵੀ -ਦੇਵਤਿਆਂ ਦੀਆਂ ਪੱਥਰਾਂ ਉੱਤੇ ਉਕਰੀਆਂ ਮੂਰਤੀਆਂ ਵੀ ਵੇਖਣ ਨੂੰ ਮਿਲਦੀਆਂ ਨੇ।
ਕਿਲ੍ਹੇ ਦਾ ਨਿਰਮਾਣ ਸੁਰੱਖਿਆ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ।ਇਕ ਪਾਸੇ ਦਰਿਆ ਵਗਦਾ ਤੇ ਇਕ ਪਾਸੇ ਡੂੰਘੀਆਂ ਖੱਡਾਂ ਹਨ।ਸਾਹਮਣੇ ਹਿਮਾਲਿਆ ਦਿਸਦਾ ਹੈ। ਉਚਾਈ 'ਤੇ ਬਣਿਆ ਹੋਣ ਕਰਕੇ ਚੀਨ ਤੇ ਨੇਪਾਲ ਦੀਆਂ ਫ਼ੌਜਾਂ(ਜੋ ਉਸ ਸਮੇਂ ਹਮਲੇ ਦੀ ਤਾਕ 'ਚ ਰਹਿੰਦੀਆਂ ਸਨ) 'ਤੇ ਨਜ਼ਰ ਰੱਖੀ ਜਾਂਦੀ ਸੀ।

4 ਅਪ੍ਰੈਲ 1905 'ਚ ਕਾਂਗੜੇ ਬਹੁਤ ਵੱਡਾ ਭੂਚਾਲ ਆਇਆ। ਇਸ ਭੂਚਾਲ ਕਾਰਨ ਕਿਲ੍ਹੇ ਦਾ ਕਾਫ਼ੀ ਸਾਰਾ ਹਿੱਸਾ ਢਹਿ ਢੇਰੀ ਹੋ ਗਿਆ ਸੀ।ਬੇਸ਼ੱਕ ਬਾਅਦ ਵਿੱਚ ਸਾਂਭ ਸੰਭਾਲ ਵਜੋਂ ਕਿਲ੍ਹੇ ਦੀ ਮੁਰੰਮਤ ਕਰਾਈ ਗਈ ਹੈ ਪਰ ਇਸ ਅਣਮੁੱਲੀ ਵਿਰਾਸਤ ਨੂੰ ਵਿਸ਼ੇਸ਼ ਤੌਰ 'ਤੇ ਸਾਂਭਣ ਦੀ ਲੋੜ ਹੈ। 

ਹਰਨੇਕ ਸਿੰਘ ਸੀਚੇਵਾਲ

ਨੋਟ: ਸਾਰੀਆਂ ਤਸਵੀਰਾਂ ਹਰਪ੍ਰੀਤ ਸਿੰਘ ਕਾਹਲੋਂ ਪਾਸੋਂ ਧੰਨਵਾਦ ਸਹਿਤ ਪ੍ਰਾਪਤ ਕੀਤੀਆਂ।

 

 

Harnek Seechewal

This news is Content Editor Harnek Seechewal