ਚੋਣਾਂ ਦਾ ਸਾਈਡ ਇਫੈਕਟ : ਖਤਰੇ ''ਚ ਭਾਜਪਾ ਦਾ ਮਿਸ਼ਨ-2019

12/12/2018 1:29:43 PM

ਜਲੰਧਰ (ਬਹਿਲ, ਸੋਮਨਾਥ)— 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੋਦੀ ਤੇ ਭਾਜਪਾ ਦੀ ਲਹਿਰ ਖਤਮ ਹੋਣ ਜਾ ਰਹੀ ਹੈ ਅਤੇ ਭਾਜਪਾ ਦਾ ਮਿਸ਼ਨ-2019 ਵੀ ਖਤਰੇ 'ਚ ਪੈ ਗਿਆ ਹੈ। ਭਾਜਪਾ ਦੀ ਅਗਵਾਈ ਵਾਲੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਭਾਜਪਾ ਪਿਛਲੇ 15 ਸਾਲਾਂ ਤੋਂ ਰਾਜ ਕਰ ਰਹੀ ਸੀ। ਮੌਜੂਦਾ ਮੁੱਖ ਮੰਤਰੀਆਂ ਸ਼ਿਵਰਾਜ ਚੌਹਾਨ ਅਤੇ ਰਮਨ ਸਿੰਘ ਨੂੰ ਉਮੀਦ ਸੀ ਕਿ ਉਹ ਚੌਥੀ ਵਾਰ ਮੁੱਖ ਮੰਤਰੀ ਦੀ ਕੁਰਸੀ ਸੰਭਾਲਣਗੇ ਪਰ ਉਨ੍ਹਾਂ ਦਾ ਸੁਪਨਾ ਟੁੱਟ ਗਿਆ। ਰਾਜਸਥਾਨ 'ਚ ਹਰ ਪੰਜ ਸਾਲਾਂ ਬਾਅਦ ਸੱਤਾ ਤਬਦੀਲੀ ਦਾ ਸਿਲਸਿਲਾ ਜਾਰੀ ਰਿਹਾ, ਮਿਜ਼ੋਰਮ 'ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਤੇਲੰਗਾਨਾ 'ਚ ਟੀ. ਆਰ. ਐੱਸ. ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾ ਕੇ ਮੁੜ ਭਾਰੀ ਬਹੁਮਤ ਨਾਲ ਸਰਕਾਰ ਬਣਾ ਲਈ ਹੈ।  

ਕਈ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਇਹ ਚੋਣ ਨਤੀਜੇ—
ਇਹ ਚੋਣ ਨਤੀਜੇ 2019 'ਚ ਹੋਣ ਵਾਲੀਆਂ ਆਮ ਚੋਣਾਂ ਲਈ ਇਕ ਵੱਡਾ ਸੰਕੇਤ ਹਨ। ਇਨ੍ਹਾਂ ਚੋਣ ਨਤੀਜਿਆਂ ਨਾਲ ਬਹੁਤ ਸਾਰੇ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਵੀ ਹੋਵੇਗਾ। ਇਨ੍ਹਾਂ ਸੂਬਿਆਂ ਦੇ ਚੋਣ ਨਤੀਜੇ ਕੌਮੀ ਪਾਰਟੀਆਂ ਲਈ ਇਸ ਲਈ ਵੀ ਬਹੁਤ ਮਹੱਤਵਪੂਰਨ ਹਨ ਕਿ ਇਹ ਮੁੱਖ ਮੁੱਦਿਆਂ ਨੂੰ ਅੰਦਰੋਂ ਜਾਣਨ ਦਾ ਮੌਕਾ ਦੇਣਗੇ, ਜਿਨ੍ਹਾਂ ਦਾ ਸਬੰਧ ਆਮ ਲੋਕਾਂ ਨਾਲ ਹੈ ਪਰ ਇਸ ਦੇ ਨਾਲ ਹੀ ਇਹ ਨਤੀਜੇ ਵੱਡੇ ਨੇਤਾਵਾਂ ਲਈ ਵੀ ਇਕ ਸੰਦੇਸ਼ ਹਨ। ਨਾਲ ਹੀ ਇਸ ਭਾਵਨਾ ਨੂੰ ਸਮਝਣ ਦਾ ਵੀ ਮੌਕਾ ਮਿਲੇਗਾ ਕਿ ਵੋਟਰਾਂ ਵਲੋਂ ਉਨ੍ਹਾਂ ਨੂੰ ਕਿਸ ਤਰ੍ਹਾਂ ਲਿਆ ਜਾ ਰਿਹਾ ਹੈ।  
2014 ਦੀਆਂ ਆਮ ਚੋਣਾਂ 'ਚ ਨਰਿੰਦਰ ਮੋਦੀ ਭਾਜਪਾ ਦੇ ਸਭ ਤੋਂ ਸਫਲ ਵੋਟਰ ਜੇਤੂ ਦੇ  ਰੂਪ 'ਚ ਉੱਭਰੇ, ਜੋ ਪਾਰਟੀ ਦੀ ਜਿੱਤ ਸੰਭਵ ਕਰ ਸਕਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਭਾਜਪਾ ਲਈ ਇਹ ਚੋਣਾਂ ਵੱਖਰੀ ਤਰ੍ਹਾਂ ਦੀਆਂ ਸਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਤਿੰਨ ਮੁੱਖ ਸੂਬਿਆਂ 'ਚ ਮਜ਼ਬੂਤ ਸਥਾਨਕ ਚਿਹਰੇ ਮੈਦਾਨ 'ਚ ਸਨ ਅਤੇ ਜਿਥੇ ਇਨ੍ਹਾਂ ਚੋਣਾਂ 'ਚ ਵੋਟਰਾਂ ਨੇ ਸੂਬਾ ਸਰਕਾਰਾਂ ਤੇ ਵਿਧਾਇਕਾਂ ਦੀ ਆਮ ਕਾਰਗੁਜ਼ਾਰੀ ਦਾ ਫੈਸਲਾ ਕੀਤਾ ਹੈ, ਉਥੇ ਹੀ ਇਹ ਚੋਣ ਨਤੀਜੇ ਮੋਦੀ ਲਈ ਇਕ ਸੰਦੇਸ਼ ਵੀ ਹਨ।


ਰਾਹੁਲ ਗਾਂਧੀ ਲਈ ਫੈਸਲਾਕੁੰਨ ਰਹੀਆਂ ਇਹ ਚੋਣਾਂ—
ਇਹ ਚੋਣਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਜ਼ਿਆਦਾ ਫੈਸਲਾਕੁੰਨ ਰਹੀਆਂ ਹਨ। ਇਕ ਸਾਲ ਪਹਿਲਾਂ ਉਨ੍ਹਾਂ ਨੇ ਕਾਂਗਰਸ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਗੁਜਰਾਤ 'ਚ ਸ਼ਾਨਦਾਰ ਚੋਣ ਮੁਹਿੰਮ ਚਲਾਈ ਸੀ ਪਰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਕਰਨਾਟਕ 'ਚ ਮਿਹਨਤ ਕੀਤੀ ਅਤੇ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਣ 'ਚ ਸਫਲ ਰਹੇ। ਉਹ ਮੋਦੀ ਸਰਕਾਰ ਵਿਰੁੱਧ ਹਮਲਾਵਰ ਹੀ ਰਹੇ। ਉਨ੍ਹਾਂ ਇਸ ਦੇ ਨਾਲ ਬਾਕੀ ਵਿਰੋਧੀ ਧਿਰਾਂ ਨਾਲ ਮਜ਼ਬੂਤ ਸਬੰਧ ਬਣਾਏ ਪਰ ਉਹ ਪਾਰਟੀ ਨੂੰ ਵੋਟਾਂ ਰਾਹੀਂ ਜਿੱਤ ਨਹੀਂ ਦਿਵਾ ਸਕੇ। ਕਾਂਗਰਸ ਦੀ ਇਨ੍ਹਾਂ ਚੋਣਾਂ 'ਚ ਜਿੱਤ ਦਾ ਸਿਹਰਾ ਸਥਾਨਕ ਨੇਤਾਵਾਂ, ਖਾਸ ਤੌਰ 'ਤੇ ਰਾਜਸਥਾਨ 'ਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ, ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਜਯੋਤਿਰਾਦਿੱਤਿਆ ਸਿੰਧੀਆ ਨੂੰ ਜਾਵੇਗਾ ਪਰ ਰਾਹੁਲ ਇਕ ਜਨ ਨੇਤਾ ਦੇ ਰੂਪ 'ਚ ਉੱਭਰੇ ਹਨ। ਇਹ ਚੋਣ ਨਤੀਜੇ ਖੇਤਰੀ ਨੇਤਾਵਾਂ ਲਈ ਵੀ ਮਹੱਤਵਪੂਰਨ ਹਨ। ਤੇਲੰਗਾਨਾ 'ਚ ਕੇ. ਚੰਦਰਸ਼ੇਖਰ ਰਾਓ ਚੋਣਾਂ 'ਚ ਜਿੱਤ ਨਾਲ ਕੌਮੀ ਸਿਆਸਤ 'ਚ ਮਹੱਤਵਪੂਰਨ ਨੇਤਾ ਦੇ ਰੂਪ 'ਚ ਉੱਭਰ ਕੇ ਆਏ ਹਨ। ਦੂਜੇ ਪਾਸੇ ਮਹਾਖੁਤਾਮੀ ਦੀ ਜਿੱਤ ਨਾਲ ਚੰਦਰਬਾਬੂ ਨਾਇਡੂ ਦਾ ਕੱਦ ਘੱਟ ਹੋਇਆ  ਹੈ।  

ਭਾਜਪਾ ਦੀ ਹਾਰ ਦੇ ਮਾਇਨੇ ਅਤੇ ਅਸਰ—
ਨਰਿੰਦਰ ਮੋਦੀ ਲਈ ਇਹ ਹਾਰ ਵਾਟਰਲੂ ਸਾਬਿਤ ਹੋ ਸਕਦੀ ਹੈ। 2019 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇਹ ਹਾਰ ਉਨ੍ਹਾਂ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਨੂੰ ਤੋੜ ਸਕਦੀ ਹੈ। ਇਸ ਹਾਰ ਨਾਲ ਸਭ ਤੋਂ ਵੱਧ ਨੁਕਸਾਨ ਮੋਦੀ ਨੂੰ ਹੀ ਹੋਇਆ ਹੈ, ਕਿਉਂਕਿ ਇਹ ਮਿੱਥਕ ਟੁੱਟ ਗਈ ਹੈ ਕਿ ਮੋਦੀ ਚੋਣ ਨਹੀਂ ਹਾਰ ਸਕਦੇ। ਇਸ ਹਾਰ ਦਾ ਸਿੱਧਾ ਅਸਰ ਆਉਣ ਵਾਲੇ  ਦਿਨਾਂ 'ਚ ਮੋਦੀ ਦੇ ਅਕਸ 'ਤੇ ਵੀ ਪਵੇਗਾ। ਵਿਰੋਧੀ ਧਿਰ ਦੇ ਹਮਲੇ ਤੇਜ਼ ਹੋਣਗੇ। ਰਾਫੇਲ, ਨੀਰਵ ਮੋਦੀ ਨੂੰ ਲੈ ਕੇ ਸਵਾਲ ਵੀ ਉੱਠਣਗੇ। ਭਾਜਪਾ ਦੇ ਆਪਣੇ ਸਹਿਯੋਗੀ ਜਦ (ਯੂ) ਅਤੇ ਸ਼ਿਵ ਸੈਨਾ ਦੇ ਹਮਲੇ ਵੀ ਭਾਜਪਾ ਨੂੰ ਸਹਿਣੇ ਪੈਣਗੇ। ਸ਼ਿਵ ਸੈਨਾ ਨੇ ਤਾਂ ਚੋਣ ਨਤੀਜੇ ਆਉਂਦਿਆਂ ਹੀ ਸਾਫ ਕਰ ਦਿੱਤਾ ਹੈ ਕਿ ਹੁਣ ਮੋਦੀ ਲਹਿਰ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਭਾਜਪਾ ਨੂੰ ਸ਼ਿਵ ਸੈਨਾ ਦੀਆਂ ਸ਼ਰਤਾਂ 'ਤੇ ਸਮਝੌਤਾ ਕਰਨਾ ਪੈ ਸਕਦਾ ਹੈ। ਹਾਲਾਂਕਿ ਸ਼ਿਵ ਸੈਨਾ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਆਪਣੇ ਦਮ 'ਤੇ ਮਹਾਰਾਸ਼ਟਰ 'ਚ ਚੋਣ ਲੜੇਗੀ ਪਰ ਮਹਾਰਾਸ਼ਟਰ ਦਾ ਕਿਲਾ ਵੀ ਨਾ ਡਿਗ ਪਵੇ, ਇਸ ਲਈ ਭਾਜਪਾ ਸ਼ਿਵ ਸੈਨਾ ਅੱਗੇ ਗੋਡੇ ਟੇਕ ਸਕਦੀ ਹੈ ਕਿਉਂਕਿ ਰਾਕਾਂਪਾ ਪਹਿਲਾਂ ਹੀ ਕਾਂਗਰਸ ਨਾਲ ਮਹਾਗੱਠਜੋੜ ਬਣਾ ਕੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਸ਼ਰਦ ਪਵਾਰ ਕਾਂਗਰਸ ਲਈ ਵਿਰੋਧੀ ਧਿਰ ਨੂੰ ਇਕਜੁੱਟ  ਕਰਨ 'ਚ ਜੁਟੇ ਹੋਏ ਹਨ, ਇਸ ਲਈ ਪ੍ਰਧਾਨ ਮੰਤਰੀ ਲਈ ਚੁਣੌਤੀਆਂ ਵਧਣਗੀਆਂ ਅਤੇ ਹੁਣ ਇਹ  ਸਾਫ  ਨਜ਼ਰ ਆ ਰਿਹਾ ਹੈ ਕਿ ਭਾਜਪਾ ਦਾ ਮਿਸ਼ਨ-2019 ਖਤਰੇ 'ਚ ਹੈ।  


ਅਮਿਤ ਸ਼ਾਹ ਲਈ ਇਹ ਹਾਰ ਸਭ ਤੋਂ ਵੱਡੀ ਸਾਬਿਤ ਹੋ ਸਕਦੀ ਹੈ। ਹਾਲਾਂਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਅਮਿਤ ਸ਼ਾਹ ਦੀ ਹਾਰ ਹੋਈ ਸੀ ਪਰ ਤਿੰਨ ਸੂਬਿਆਂ ਦੀ ਹਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹਰ ਵਾਰ ਸ਼ਾਹ ਦਾ ਦਾਅ ਸਿੱਧਾ ਨਹੀਂ ਪੈ ਸਕਦਾ। ਪਿਛਲੇ ਕੁਝ  ਮਹੀਨਿਆਂ ਤੋਂ ਸ਼ਾਹ ਨੇ ਇਨ੍ਹਾਂ ਤਿੰਨਾਂ ਸੂਬਿਆਂ ਦੀ ਕਮਾਨ ਆਪਣੇ ਹੱਥ  'ਚ ਲਈ ਹੋਈ ਸੀ। ਬੂਥ  ਲੈਵਲ 'ਤੇ ਮੁਖੀਆਂ ਦੀ ਮੀਟਿੰਗ ਤੋਂ ਲੈ ਕੇ ਸੂਬਾ ਪੱਧਰ ਦੇ ਨੇਤਾਵਾਂ ਨਾਲ ਉਹ ਖੁਦ ਗੱਲ ਕਰ ਰਹੇ ਸਨ ਪਰ ਉਨ੍ਹਾਂ ਦਾ ਹਰ ਦਾਅ ਪੁੱਠਾ ਪਿਆ। ਛੱਤੀਸਗੜ੍ਹ 'ਚ ਸ਼ਾਹ ਨੇ ਜੋੜ-ਤੋੜ ਦੀ ਰਾਜਨੀਤੀ ਕਰਨ ਲਈ ਕਾਂਗਰਸ ਅੰਦਰ ਬਾਗੀ ਤਕ ਖੜ੍ਹੇ ਕੀਤੇ ਸਨ। ਇਸੇ ਤਰ੍ਹਾਂ ਰਾਜਸਥਾਨ 'ਚ ਵੀ ਇਹ ਦਾਅ ਖੇਡਿਆ। ਉਨ੍ਹਾਂ ਨੂੰ ਇਹ ਟ੍ਰਿਕ ਪੰਜਾਬ ਦੇ ਆਪਣੇ ਸਹਿਯੋਗੀ ਅਕਾਲੀ ਦਲ ਤੋਂ ਮਿਲਿਆ ਸੀ। ਅਕਾਲੀ ਦਲ ਨੇ 2012 ਦੀਆਂ ਚੋਣਾਂ 'ਚ ਕਾਂਗਰਸ ਨੂੰ ਇਸੇ ਤਰੀਕੇ ਨਾਲ ਹਰਾਇਆ ਸੀ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਇਸ ਦਾ ਪਤਾ ਲੱਗ ਗਿਆ ਸੀ, ਇਸ ਲਈ ਉਸ ਨੇ ਵੀ ਰਾਜਸਥਾਨ ਅਤੇ ਛੱਤੀਸਗੜ੍ਹ 'ਚ ਭਾਜਪਾ ਨੂੰ  ਉਸੇ ਤਰੀਕੇ ਨਾਲ ਮਾਰਿਆ। ਚੋਣ ਨਤੀਜਿਆਂ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਾਜਸਥਾਨ  'ਚ ਭਾਜਪਾ ਨੂੰ ਆਪਣੇ ਹੀ ਬਾਗੀਆਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਭਾਜਪਾ ਨੂੰ ਛੱਡ  ਕੇ ਵੱਖਰੀ ਪਾਰਟੀ ਬਣਾਉਣ ਵਾਲੇ ਘਣਸ਼ਿਆਮ ਤਿਵਾੜੀ ਨੇ ਵੀ ਪਾਰਟੀ ਦਾ ਕਾਫੀ ਨੁਕਸਾਨ ਕੀਤਾ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਨੇ ਤਿਵਾੜੀ ਨੂੰ ਮਨਾਉਣ ਦੀ  ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੂੰ ਹਲਕੇ 'ਚ ਲਿਆ ਗਿਆ। ਇਸੇ ਤਰ੍ਹਾਂ ਰਾਜਸਥਾਨ 'ਚ ਸ਼ਾਹ  ਦਾ ਦਾਅ ਸਿੱਧਾ ਨਹੀਂ ਪਿਆ। ਮੱਧ ਪ੍ਰਦੇਸ਼ 'ਚ ਸ਼ਾਹ ਸ਼ਿਵਰਾਜ ਚੌਹਾਨ ਅਤੇ ਦੂਜੇ ਵੱਡੇ  ਨੇਤਾਵਾਂ ਕੈਲਾਸ਼ ਵਿਜੇ ਵਰਗੀਯ, ਪ੍ਰਹਿਲਾਦ ਪਟੇਲ, ਸੁਮਿੱਤਰਾ ਮਹਾਜਨ ਵਿਚਾਲੇ ਤਾਲਮੇਲ ਨਹੀਂ ਬਿਠਾ ਸਕੇ।ਮੱਧ  ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਉਮਾ ਭਾਰਤੀ ਵੀ ਚੋਣਾਂ ਤੋਂ ਦੂਰ ਰਹੀ, ਜਿਸ ਦਾ ਨੁਕਸਾਨ ਭਾਜਪਾ ਨੂੰ ਝੱਲਣਾ ਪਿਆ। 
ਸਿੰਧੀਆ ਲਈ ਇਹ ਹਾਰ ਉਨ੍ਹਾਂ ਦਾ ਸਿਆਸੀ ਕਰੀਅਰ ਖਤਮ ਕਰ ਸਕਦੀ ਹੈ। ਮੋਦੀ ਅਤੇ ਸ਼ਾਹ ਦੇ ਨਾਲ ਉਨ੍ਹਾਂ ਦਾ ਟਕਰਾਅ ਜਗ-ਜ਼ਾਹਰ ਹੈ। ਵਸੁੰਧਰਾ ਦੇ ਦਬਾਅ ਕਾਰਨ ਸ਼ਾਹ ਆਪਣੀ  ਮਰਜ਼ੀ ਦੇ ਨੇਤਾ ਨੂੰ ਸੂਬਾ ਭਾਜਪਾ ਪ੍ਰਧਾਨ ਨਹੀਂ ਬਣਵਾ ਸਕੇ। ਸਿੰਧੀਆ ਨੇ ਹਮੇਸ਼ਾ  ਹਾਈਕਮਾਨ ਦੇ ਫੈਸਲੇ ਨੂੰ ਆਪਣੀ ਵੀਟੋ ਪਾਵਰ ਦੀ ਵਰਤੋਂ ਕਰ ਕੇ ਬਦਲ ਦਿੱਤਾ। ਹੁਣ ਇਸ ਹਾਰ  ਤੋਂ ਬਾਅਦ ਸਿੰਧੀਆ ਦੀ ਵੀਟੋ ਪਾਵਰ ਖਤਮ ਹੋ ਗਈ ਹੈ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਆਉਣ  ਵਾਲੇ ਦਿਨਾਂ 'ਚ ਭਾਜਪਾ ਹਾਈਕਮਾਨ ਸੂਬੇ ਦੀ ਲੀਡਰਸ਼ਿਪ 'ਚ ਭਾਰੀ ਤਬਦੀਲੀ ਕਰ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ  ਸਿੰਧੀਆ ਦੇ ਬਦਲ ਦੇ ਤੌਰ 'ਤੇ ਤਿਆਰ ਕੀਤਾ ਜਾ ਰਿਹਾ ਹੈ।
ਭਾਜਪਾ ਹਾਈਕਮਾਨ ਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਰਾਜਸਥਾਨ 'ਚ ਵੱਡੀ ਹਾਰ ਮਿਲਣ ਵਾਲੀ ਹੈ, ਇਸ ਲਈ ਪਹਿਲਾਂ ਤੋਂ ਹੀ ਰਾਠੌਰ ਦਾ ਮਹੱਤਵ ਪਾਰਟੀ 'ਚ ਵਧਾਉਣਾ ਸ਼ੁਰੂ ਕਰ ਦਿੱਤਾ। ਹੁਣ ਰਾਜਸਥਾਨ 'ਚ ਵਸੁੰਧਰਾ ਦੀ ਨਹੀਂ ਚੱਲੇਗੀ। ਹਾਲਾਂਕਿ ਹਾਈਕਮਾਨ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਵਸੁੰਧਰਾ ਨੂੰ ਨਹੀਂ ਰੋਕੇਗੀ ਪਰ ਇਹ ਤੈਅ ਹੈ ਕਿ ਵਸੁੰਧਰਾ ਦੇ ਖੰਭ ਕੁਤਰ ਦਿੱਤੇ ਜਾਣਗੇ। 

ਸ਼ਿਵਰਾਜ ਸਿੰਘ ਚੌਹਾਨ ਨੇ ਆਖਰੀ ਸਮੇਂ 'ਤੇ ਕਾਫੀ ਮਿਹਨਤ ਕੀਤੀ ਹੈ। ਇਸ ਕਾਰਨ ਭਾਜਪਾ  ਕਾਂਗਰਸ ਨੂੰ ਸਖਤ ਟੱਕਰ ਦੇ ਸਕਦੀ ਹੈ ਪਰ ਹੁਣ ਅਜਿਹਾ ਲੱਗਦਾ ਹੈ ਕਿ ਭਾਜਪਾ ਹਾਈਕਮਾਨ  ਸ਼ਿਵਰਾਜ ਸਿੰਘ ਚੌਹਾਨ ਦੇ ਬਦਲ ਦੀ ਭਾਲ ਵੀ ਸ਼ੁਰੂ ਕਰ ਦੇਵੇਗੀ। ਅਜਿਹੀ ਹਾਲਤ 'ਚ ਕੈਲਾਸ਼  ਵਿਜੇ ਵਰਗੀਯ ਦਾ ਨਾਂ ਬਦਲ ਦੇ ਤੌਰ 'ਤੇ ਲਿਆ ਜਾ ਰਿਹਾ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ  ਕਿ ਆਉਣ  ਵਾਲੇ ਦਿਨਾਂ 'ਚ ਭਾਜਪਾ ਹਾਈਕਮਾਨ ਸੂਬੇ ਦੀ ਲੀਡਰਸ਼ਿਪ ਬਦਲ ਕੇ ਨਵੀਂ ਅਗਵਾਈ  'ਚ ਚੋਣਾਂ ਲੜੇ ਪਰ ਇਹ ਹਾਰ ਓਨੀ ਵੱਡੀ ਨਹੀਂ ਹੈ ਕਿ ਸ਼ਿਵਰਾਜ ਸਿੰਘ ਚੌਹਾਨ 'ਤੇ ਭਾਜਪਾ  ਕੋਈ ਰਿਸਕ ਲੈ ਸਕੇ। ਇਹ ਹੋ ਸਕਦਾ ਹੈ ਕਿ ਸ਼ਿਵਰਾਜ ਚੌਹਾਨ ਨੂੰ ਭਾਜਪਾ ਕੇਂਦਰ 'ਚ ਲੈ  ਜਾਵੇ। ਅਜਿਹਾ ਕਿਹਾ ਜਾ ਰਿਹਾ ਹੈ ਕਿ ਚੌਹਾਨ ਲੋਕਾਂ ਦੀ ਨਬਜ਼ ਫੜਨ 'ਚ ਕਾਮਯਾਬ ਰਹੇ ਹਨ  ਪਰ ਉਨ੍ਹਾਂ ਨੂੰ ਕਿਸਾਨਾਂ ਦੀ ਨਾਰਾਜ਼ਗੀ ਦਾ ਅਹਿਸਾਸ ਨਹੀਂ ਸੀ। ਇਸੇ ਤਰ੍ਹਾਂ ਜਨਰਲ ਵਰਗ  ਦੀਆਂ ਵੋਟਾਂ ਵੀ ਹੱਥੋਂ ਨਿਕਲ ਜਾਣਗੀਆਂ, ਇਸ ਦਾ ਜਾਇਜ਼ਾ ਲੈਣ 'ਚ ਵੀ ਉਹ ਬੁਰੀ  ਤਰ੍ਹਾਂ ਨਾਕਾਮ ਰਹੇ। ਇਸ ਹਾਰ ਤੋਂ ਬਾਅਦ ਭਾਜਪਾ ਦੇ ਨੇਤਾ ਇਹ ਕਹਿ ਰਹੇ ਹਨ ਕਿ ਸ਼ਿਵਰਾਜ  ਚੌਹਾਨ ਅਤੇ ਉਨ੍ਹਾਂ ਦਾ ਓਵਰ ਕਾਨਫੀਡੈਂਸ ਹੀ ਲੈ ਡੁੱਬਿਆ। ਕੁਝ  ਨੇਤਾ ਤਾਂ ਇਹ ਵੀ ਕਹਿ  ਰਹੇ ਹਨ ਕਿ ਜੇ ਸਮਾਂ ਰਹਿੰਦਿਆਂ ਪਾਰਟੀ ਹਾਈਕਮਾਨ ਸੂਬੇ 'ਚ ਲੀਡਰਸ਼ਿਪ ਬਦਲ ਦਿੰਦੀ ਤਾਂ  ਭਾਜਪਾ ਨੂੰ ਅਜਿਹੀ ਹਾਰ ਦਾ ਸਾਹਮਣਾ ਨਾ ਕਰਨਾ ਪੈਂਦਾ। 
ਛੱਤੀਸਗੜ੍ਹ 'ਚ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਾ ਭਾਜਪਾ ਹਾਈਕਮਾਨ ਅਤੇ ਨਾ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੂੰ ਇਹ ਅਹਿਸਾਸ ਸੀ ਕਿ ਭਾਜਪਾ ਨੂੰ ਇੰਨੀ ਵੱਡੀ ਹਾਰ ਮਿਲੇਗੀ। ਤਿਕੋਣਾ ਮੁਕਾਬਲਾ ਹੋਣ ਕਾਰਨ ਰਮਨ ਸਿੰਘ ਨੂੰ ਜੋਗੀ ਤੋਂ ਉਮੀਦ ਸੀ। ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਸੀ ਕਿ ਜੋਗੀ ਅਤੇ ਬਸਪਾ ਦਾ  ਗੱਠਜੋੜ ਉਨ੍ਹਾਂ ਦੇ ਕੰਮ ਆਵੇਗਾ ਅਤੇ ਇਕ ਵਾਰ ਫਿਰ ਉਹ ਸੱਤਾ ਵਿਚ ਬਣੇ ਰਹਿਣਗੇ ਪਰ  ਉਨ੍ਹਾਂ ਦਾ ਇਹ ਅੰਦਾਜ਼ਾ ਗਲਤ ਸਾਬਿਤ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਰਮਨ ਸਿੰਘ ਨੇ  ਭਾਜਪਾ ਹਾਈਕਮਾਨ ਨੂੰ ਇਹ ਕਹਿ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਚਿੰਤਾ ਨਾ ਕਰਨ।  ਛੱਤੀਸਗੜ੍ਹ 'ਚ ਪੂਰਨ ਬਹੁਮਤ ਦੀ ਸਰਕਾਰ ਬਣੇਗੀ ਪਰ ਚੋਣ ਨਤੀਜੇ ਦੱਸ ਰਹੇ ਹਨ ਕਿ  ਛੱਤੀਸਗੜ੍ਹ 'ਚ ਭਾਜਪਾ ਸਰਕਾਰ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ।  ਭਾਜਪਾ ਦੇ ਕੁਝ ਨੇਤਾ ਦਾਅਵਾ ਕਰ ਰਹੇ ਹਨ ਕਿ ਛੱਤੀਸਗੜ੍ਹ 'ਚ ਹਾਈਕਮਾਨ ਨੇ ਆਪਣੇ ਪੱਧਰ  'ਤੇ ਪਤਾ ਕਰਵਾਇਆ ਸੀ ਕਿ ਰਮਨ ਸਿੰਘ ਦੀ ਰਾਹ ਸੌਖੀ ਨਹੀਂ ਹੈ ਪਰ ਰਮਨ ਸਿੰਘ ਨੇ ਇਸ ਬਾਰੇ  ਕਿਹਾ ਸੀ ਕਿ ਇਹ ਵਿਰੋਧੀਆਂ ਦੀ ਸ਼ਰਾਰਤ ਹੈ।

ਪੰਜਾਬ 'ਤੇ ਕੀ ਹੋਵੇਗਾ ਅਸਰ—
ਪੰਜਾਬ ਦੀ ਸਿਆਸਤ 'ਤੇ ਵੀ ਇਸ ਹਾਰ ਦਾ ਸਿੱਧਾ ਅਸਰ ਪਏਗਾ। ਇਨ੍ਹਾਂ ਚੋਣਾਂ 'ਚ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੰਘ ਸਿੱਧੂ ਦਾ ਕੱਦ ਇਸ ਜਿੱਤ ਤੋਂ ਬਾਅਦ ਵਧ ਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਜਿੱਤ ਦੇ ਨਾਂ 'ਤੇ ਪਾਰਟੀ 'ਚ ਉਨ੍ਹਾਂ ਨੂੰ ਵੱਡਾ ਅਹੁਦਾ ਵੀ ਮਿਲ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਜੇ ਪੰਜਾਬ ਮੰਤਰੀ ਮੰਡਲ 'ਚ ਬਦਲਾਅ ਹੁੰਦਾ ਹੈ ਤਾਂ ਸਿੱਧੂ ਦੇ ਖੇਮੇ ਦੇ ਕਿਸੇ ਵਿਧਾਇਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਸਿੱਧੂ ਹਾਈਕਮਾਨ ਦੀਆਂ ਅੱਖਾਂ ਦਾ ਤਾਰਾ ਬਣ ਚੁੱਕੇ ਹਨ। ਜਿਥੇ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਤੋਂ ਦੂਰ ਰਹੇ, ਉਥੇ ਸਿੱਧੂ ਆਪਣੇ ਸਾਥੀ ਵਿਧਾਇਕਾਂ ਨਾਲ ਚੋਣ ਰੈਲੀਆਂ ਕਰਦੇ ਰਹੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਸਿੱਧੂ ਨੂੰ ਆਉਣ ਵਾਲੇ ਦਿਨਾਂ 'ਚ ਨੰਬਰ 2 ਦੀ ਹੈਸੀਅਤ ਦੇ ਸਕਦੇ ਹਨ।

Tanu

This news is Content Editor Tanu