ਪੂਜਾ-ਪਾਠ ਤੋਂ ਬਾਅਦ ਸਿੱਧਰਮਈਆ ਨੇ ਭਰਿਆ ਨਾਮਜ਼ਦਗੀ ਪੱਤਰ

04/20/2018 5:55:34 PM

ਬੈਂਗਲੁਰੂ— ਕਰਨਾਟਕ ਵਿਧਾਨ ਸਭਾ ਚੋਣਾਂ 'ਚ 2 ਸੀਟਾਂ ਤੋਂ ਚੋਣਾਂ ਲੜਨ ਦੀਆਂ ਅਟਕਲਾਂ ਦਰਮਿਆਨ ਮੁੱਖ ਮੰਤਰੀ ਸਿੱਧਰਮਈਆ ਨੇ ਚਾਮੁੰਡੇਸ਼ਵਰੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ। ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਸਿੱਧਰਮਈਆ ਨੇ ਮੈਸੂਰ ਦੇ ਚਾਂਮੁੰਡੇਸ਼ਵਰੀ ਦੇਵੀ ਮੰਦਰ ਪਹੁੰਚ ਕੇ ਪੂਜਾ-ਪਾਠ ਕੀਤਾ। ਜ਼ਿਕਰਯੋਗ ਹੈ ਕਿ ਚਾਮੁੰਡੇਸ਼ਵਰੀ ਸੀਟ ਤੋਂ ਸਿੱਧਰਮਈਆ ਹੁਣ ਤੱਕ 7 ਵਾਰ ਚੋਣਾਂ ਲੜ ਚੁਕੇ ਹਨ, ਜਿਸ 'ਚ ਉਨ੍ਹਾਂ ਨੂੰ 5 ਵਾਰ ਜਿੱਤ ਹਾਸਲ ਹੋਈ ਸੀ। ਚਾਮੁੰਡੇਸ਼ਵਰੀ ਸੀਟ ਤੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਸਿੱਧਰਮਈਆ ਨੇ 2 ਸੀਟਾਂ ਤੋਂ ਚੋਣਾਂ ਲੜਨ ਦਾ ਸੰਕੇਤ ਦਿੱਤਾ। ਮੀਡੀਆ ਨਾਲ ਗੱਲ ਕਰਦੇ ਹੋਏ ਸਿੱਧਰਮਈਆ ਨੇ ਕਿਹਾ ਕਿ ਉਹ ਪਾਰਟੀ ਅਗਵਾਈ ਦੇ ਆਦੇਸ਼ ਦੀ ਪਾਲਣਾ ਕਰਨਗੇ। ਇਸ ਤੋਂ ਪਹਿਲਾਂ ਕਰਨਾਟਕ 'ਚ ਚੋਣਾਵੀ ਰਣ ਦੇ ਮੱਦੇਨਜ਼ਰ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ, ਜਿਸ 'ਚ ਸਿੱਧਰਮਈਆ ਨੂੰ ਮੈਸੂਰ ਦੀ ਚਾਂਮੁੰਡੇਸ਼ਵਰੀ ਸੀਟ ਤੋਂ ਟਿਕਟ ਦਿੱਤਾ ਗਿਆ ਸੀ।

ਬਾਗਲਕੋਟ ਜ਼ਿਲੇ ਦੇ ਬਾਦਾਮੀ ਸੀਟ ਤੋਂ ਵੀ ਚੋਣਾਂ ਲੜਨ ਦੀਆਂ ਅਟਕਲਾਂ 'ਤੇ ਸ਼ੁੱਕਰਵਾਰ ਨੂੰ ਸਿੱਧਰਮਈਆ ਨੇ ਕਿਹਾ,''ਪਾਰਟੀ ਦੀ ਅਗਵਾਈ ਜੋ ਕਰੇਗਾ, ਮੈਂ ਉਸ ਦੀ ਪਾਲਣਾ ਕਰਾਂਗਾ।'' ਰਾਜ 'ਚ ਅਟਕਲਾਂ ਦਾ ਬਾਜ਼ਾਰ ਗਰਮ ਹੈ ਕਿ ਕਾਂਗਰਸ ਪਾਰਟੀ ਪਹਿਲਾਂ ਬਾਦਾਮੀ ਸੀਟ ਤੋਂ ਡਾ. ਦੇਵਰਾਜ ਪਾਟਿਲ ਨੂੰ ਟਿਕਟ ਦੇਣ ਜਾ ਰਹੀ ਸੀ ਪਰ ਹੁਣ ਉਸ ਨੇ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਕਰਨਾਟਕ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਐਤਵਾਰ ਨੂੰ 218 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ। ਮੁੱਖ ਮੰਤਰੀ ਸਿੱਧਰਮਈਆ ਚਾਮੁੰਡੇਸ਼ਵਰੀ ਸੀਟ ਤੋਂ ਚੋਣਾਂ ਲੜਨਗੇ। ਉੱਥੇ ਹੀ ਸਿੱਧਰਮਈਆ ਦੇ ਬੇਟੇ ਯਤਿੰਦਰ ਨੂੰ ਵਰੁਣਾ ਵਿਧਾਨ ਸਭਾ ਸੀਟ ਤੋਂ ਟਿਕਟ ਮਿਲਿਆ ਹੈ। ਕਰਨਾਟਕ 'ਚ ਵਿਧਾਨ ਸਭਾ ਦੀਆਂ 224 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਲਈ 12 ਮਈ ਨੂੰ ਵੋਟਿੰਗ ਹੋਣੀ ਹੈ ਅਤੇ ਨਤੀਜੇ 15 ਮਈ ਨੂੰ ਐਲਾਨ ਹੋਣਗੇ।