''ਮਜ਼ਦੂਰ ਸਪੈਸ਼ਲ ਟਰੇਨ'' ਚੇਨਈ ਤੋਂ 1400 ਤੋਂ ਵਧੇਰੇ ਲੋਕਾਂ ਨੂੰ ਲੈ ਕੇ ਨਾਗਾਲੈਂਡ ਪੁੱਜੀ

05/23/2020 11:28:34 AM

ਦੀਮਾਪੁਰ (ਭਾਸ਼ਾ)— ਨਾਗਾਲੈਂਡ ਲਈ ਪਹਿਲੀ ਮਜ਼ਦੂਰ ਸਪੈਸ਼ਲ ਟਰੇਨ ਚੇਨਈ ਤੋਂ 1,477 ਲੋਕਾਂ ਨੂੰ ਲੈ ਕੇ ਦੀਮਾਪੁਰ ਰੇਲਵੇ ਸਟੇਸ਼ਨ ਪਹੁੰਚੀ। ਇਕ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਟਰੇਨ ਮੰਗਲਵਾਰ ਰਾਤ ਨੂੰ ਦੱਖਣੀ ਮਹਾਨਗਰ ਤੋਂ ਰਵਾਨਾ ਹੋਈ ਸੀ ਅਤੇ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਪੁੱਜੀ। ਇਕ ਅਧਿਕਾਰੀ ਨੇ ਦੱਸਿਆ ਕਿ ਖੇਤੀਬਾੜੀ ਉਤਪਾਦਨ ਕਮਿਸ਼ਨਰ ਅਤੇ ਦੀਮਾਪੁਰ ਕੋਵਿਡ-19 ਅਧਿਕਾਰ ਪ੍ਰਾਪਤ ਸਮੂਹ ਦੇ ਇੰਚਾਰਜ ਵਾਈ ਕਿਖੇਤੋ ਸੇਮਾ, ਡਿਪਟੀ ਕਮਿਸ਼ਨਰ ਅਨੂਪ ਖਿਨਚੀ, ਪੁਲਸ ਕਮਿਸ਼ਨਰ ਰੋਹਿਤੂ ਤੇਤਸੇਓ ਅਤੇ ਮੁੱਖ ਮੈਡੀਕਲ ਅਧਿਕਾਰੀ ਤਿਆਸੁਨੇਪ ਨੇ ਵਾਪਸ ਆਏ ਲੋਕਾਂ ਦਾ ਸਵਾਗਤ ਕੀਤਾ। 

ਅਧਿਕਾਰੀ ਨੇ ਦੱਸਿਆ ਕਿ ਵਾਪਸ ਆਏ ਲੋਕ ਸਟੇਸ਼ਨ ਦੀਆਂ ਦੋ ਵਾਇਰਸ ਮੁਕਤ ਸੁਰੰਗਾਂ 'ਚੋਂ ਪੈਦਲ ਲੰਘੇ। ਉਨ੍ਹਾਂ ਨੇ ਦੱਸਿਆ ਕਿ ਯਾਤਰੀਆਂ ਨੂੰ ਡਾਕਟਰੀ ਜਾਂਚ ਲਈ ਬੱਸਾਂ ਰਾਹੀਂ ਐਗਰੀ ਐਕਸਪੋ ਸਾਈਟ ਤੱਕ ਲਿਜਾਇਆ ਗਿਆ। ਬੱਸਾਂ ਦੀ ਵਿਵਸਥਾ ਸੂਬਾ ਸਰਕਾਰ ਨੇ ਕੀਤੀ ਸੀ।

ਅਧਿਕਾਰਤ ਸੂਤਰਾਂ ਮੁਤਾਬਕ ਤਿੰਨ ਜ਼ਿਲਿਆਂ— ਦੀਮਾਪੁਰ, ਮੋਨ ਅਤੇ ਪੇਰੇਨ ਦੇ ਲੋਕਾਂ ਨੂੰ ਇੱਥੇ ਵੱਖ-ਵੱਖ ਸੈਂਟਰਾਂ 'ਚ ਕੁਆਰੰਟੀਨ ਕੀਤਾ ਗਿਆ ਹੈ, ਜਦਕਿ ਹੋਰਨਾਂ ਨੂੰ ਕੋਹਿਮਾ ਵਿਚ ਸਥਿਤ ਕੁਆਰੰਟੀਨ ਸੈਂਟਰ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਲਾਕਡਾਊਨ ਕਾਰਨ ਦੇਸ਼ ਦੇ ਹੋਰ ਹਿੱਸਿਆਂ ਵਿਚ ਫਸੇ ਸੂਬੇ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਹੋਰ ਵਿਸ਼ੇਸ਼ ਟਰੇਨਾਂ ਦੀ ਵਿਵਸਥਾ ਕੀਤੀ ਹੈ।

Tanu

This news is Content Editor Tanu