ਹਿਮਾਚਲ:17 ਦਿਨਾਂ ਤੋਂ ਲਾਪਤਾ ਸ਼ੁਭਮ ਦਾ ਨਹੀਂ ਮਿਲਿਆ ਕੋਈ ਸਬੂਤ, ਜਾਂਚ ਜਾਰੀ

12/17/2019 2:04:48 PM

ਸ਼ਿਮਲਾ— 17 ਦਿਨਾਂ ਤੋਂ ਲਾਪਤਾ 23 ਸਾਲਾਂ ਸ਼ੁਭਮ ਦਾ ਹੁਣ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ। ਪੁਲਸ ਨੇ ਸ਼ੁਭਮ ਦੀ ਗੁਮਸ਼ੁਦਗੀ ਦਾ ਪੋਸਟਰ ਜਾਰੀ ਕਰ ਦਿੱਤਾ ਹੈ। ਪੁਲਸ ਅਤੇ ਸਥਾਨਿਕ ਲੋਕ 17 ਦਿਨਾਂ ਤੋਂ ਸ਼ਿਮਲਾ ਦੇ ਠਿਯੋਗ ਤੋਂ ਲੈ ਕੇ ਚੌਪਾਲ ਤੱਕ ਦੇ ਇਲਾਕੇ ਦੀ ਜਾਂਚ 'ਚ ਜੁੱਟੇ ਹੋਏ ਹਨ। ਪੁਲਸ ਨੇ ਸ਼ੁਭਮ ਦੇ ਇੱਕ ਦੋਸਤ ਪੁਨੀਤ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਦਾ ਅੱਜ ਭਾਵ ਮੰਗਲਵਾਰ ਨੂੰ ਪਾਲੀਗ੍ਰਾਫ ਟੈਸਟ ਹੋ ਰਿਹਾ ਹੈ। ਮੰਗਲਵਾਰ ਸ਼ਾਮ ਤੱਕ ਟੈਸਟ ਦੀ ਰਿਪੋਰਟ ਆਉਣ ਦੀ ਉਮੀਦ ਹੈ। ਸ਼ਿਮਲਾ ਦੇ ਐੱਸ.ਪੀ. ਓਮਪਤੀ ਜਮਵਾਲ ਨੇ ਉਮੀਦ ਜਤਾਈ ਹੈ ਕਿ ਮੰਗਲਵਾਰ ਦੇਰ ਸ਼ਾਮ ਤੱਕ ਟੈਸਟ ਰਿਪੋਰਟ ਆ ਜਾਵੇਗੀ। ਬਰਫਬਾਰੀ ਦੇ ਚੱਲਦਿਆਂ ਖੋਜ ਮੁਹਿੰਮ 'ਚ ਰੁਕਾਵਟ ਜਰੂਰ ਆਈ ਹੈ ਕਿਉਂਕਿ ਠਿਯੋਗ-ਕੋਟਖਾਈ ਅਤੇ ਚੌਪਾਲ 'ਚ ਭਾਰੀ ਬਰਫਬਾਰੀ ਹੋਈ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਹੈ, ਜਿੱਥੇ 30 ਨਵੰਬਰ ਦੀ ਰਾਤ ਨੂੰ ਦੇਹਾ ਥਾਣਾ ਖੇਤਰ ਤਹਿਤ ਧਾਰ ਦੇ ਜੰਗਲ 'ਚ ਸ਼ੁਭਮ ਰਹੱਸਮਈ ਤਰੀਕੇ ਨਾਲ ਲਾਪਤਾ ਹੋ ਗਿਆ, ਜਦੋਂ ਸ਼ੁਭਮ ਲਾਪਤਾ ਹੋਇਆ ਤਾਂ ਉਸ ਸਮੇਂ ਦੋਸਤ ਪੁਨੀਤ ਨਾਲ ਸੀ। ਰੋਹੜੂ ਦੇ ਨਾਹਲ ਦੇ ਰਹਿਣ ਵਾਲੇ ਸ਼ੁਭਮ ਦੀ ਵੀ ਭਾਲ ਲਈ ਖੋਜੀ ਕੁੱਤੇ ਅਤੇ ਡ੍ਰੋਨ ਦੀ ਮਦਦ ਲਈ ਗਈ ਪਰ ਹੁਣ ਤੱਕ ਕੁਝ ਹੱਥ ਨਹੀਂ ਆਇਆ। ਪੁਲਸ ਕਾਲ ਡਿਟੇਲ ਵੀ ਖੰਗਾਲ ਰਹੀ ਹੈ।
 

Iqbalkaur

This news is Content Editor Iqbalkaur