ਅੱਜ ਕਾਂਗਰਸ 'ਚ ਸ਼ਾਮਲ ਹੋਣਗੇ ਸ਼ਤਰੂਘਨ ਸਿਨਹਾ

04/06/2019 9:14:16 AM

ਨਵੀਂ ਦਿੱਲੀ, (ਏਜੰਸੀ)— ਭਾਰਤੀ ਜਨਤਾ ਪਾਰਟੀ ਦੇ ਬਾਗੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਅੱਜ ਰਸਮੀ ਤੌਰ 'ਤੇ ਕਾਂਗਰਸ 'ਚ ਸ਼ਾਮਲ ਹੋਣਗੇ। ਪਿਛਲੇ ਮਹੀਨੇ 28 ਮਾਰਚ ਨੂੰ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਕਾਂਗਰਸ 'ਚ ਸ਼ਾਮਲ ਹੋਣ ਨੂੰ ਲੈ ਕੇ ਵਿਸਥਾਰ 'ਚ ਜਾਣਕਾਰੀ ਦਿੱਤੀ ਸੀ। ਪਿਛਲੇ ਦਿਨੀਂ ਕਾਂਗਰਸ ਬੁਲਾਰੇ ਸ਼ਕਤੀ ਸਿੰਘ ਨੇ ਇਕ ਟਵੀਟ ਕਰਕੇ ਦੱਸਿਆ ਸੀ ਕਿ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ 6 ਅਪ੍ਰੈਲ ਨੂੰ ਰਸਮੀ ਤੌਰ 'ਤੇ ਕਾਂਗਰਸ 'ਚ ਸ਼ਾਮਲ ਹੋਣਗੇ।


ਕਿਆਸ ਲਗਾਏ ਜਾ ਰਹੇ ਹਨ ਕਿ ਸ਼ਤਰੂਘਨ ਪਟਨਾ ਸਾਹਿਬ ਤੋਂ ਹੀ ਚੋਣ ਲੜਨਗੇ। ਉਹ ਪਹਿਲਾਂ ਹੀ ਕਹਿੰਦੇ ਰਹੇ ਹਨ ਕਿ ,'ਸਿਚੁਏਸ਼ਨ ਜੋ ਵੀ ਹੋਵੇ, ਲੋਕੇਸ਼ਨ ਉਹੀ ਹੋਵੇਗਾ।' ਭਾਜਪਾ ਨੇ ਇਸ ਵਾਰ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਦਿੱਤੀ ਹੈ। ਅਦਾਕਾਰ ਤੋਂ ਨੇਤਾ ਬਣੇ ਸ਼ਤਰੂਘਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕੰਮਕਾਜ ਦੇ ਆਲੋਚਕ ਰਹੇ ਹਨ। ਸ਼ਤਰੂਘਨ ਕਹਿ ਰਹੇ ਹਨ ਕਿ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ 'ਚ ਲੋਕਸ਼ਾਹੀ ਸੀ ਜਦਕਿ ਮੋਦੀ ਸਰਕਾਰ 'ਚ ਤਾਨਾਸ਼ਾਹੀ ਹੈ।ਸ਼ਤਰੂਘਨ ਸਿਨਹਾ ਨੇ ਉੱਚ ਨੇਤਾ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਸ਼ਾਂਤਾ ਕੁਮਾਰ ਤੋਂ ਸਹਿਮਤੀ ਲਏ ਬਿਨਾ ਉਨ੍ਹਾਂ ਦਾ ਟਿਕਟ ਕੱਟਣ 'ਤੇ ਵੀ ਭਾਜਪਾ ਅਗਵਾਈ ਦੀ ਨਿੰਦਾ ਕੀਤੀ ਸੀ।