ਭਾਜਪਾ ਦੀ ਹਿਮਾਚਲ ਪ੍ਰਦੇਸ਼ ਦੀ ਸੂਚੀ ''ਚ ਸ਼ਾਂਤਾ ਕੁਮਾਰ ਦਾ ਨਾਂ ਨਹੀਂ

03/24/2019 2:35:02 PM

ਸ਼ਿਮਲਾ (ਭਾਸ਼ਾ)— ਭਾਜਪਾ ਨੇ ਹਿਮਾਚਲ ਪ੍ਰਦੇਸ਼ 'ਚ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦਾ ਟਿਕਟ ਕੱਟ ਦਿੱਤਾ। ਪਾਰਟੀ ਨੇ ਸ਼ਨੀਵਾਰ ਨੂੰ ਪ੍ਰਦੇਸ਼ ਦੀਆਂ ਸਾਰੀਆਂ 4 ਸੀਟਾਂ 'ਤੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਬੇਟੇ ਅਨੁਰਾਗ ਠਾਕੁਰ ਨੂੰ ਹਮੀਰਪੁਰ ਤੋਂ ਅਤੇ ਰਾਮ ਸਵਰੂਪ ਨੂੰ ਮੰਡੀ ਤੋਂ ਮੁੜ ਟਿਕਟ ਦਿੱਤੀ ਹੈ। ਭਗਵਾ ਦਲ ਨੇ ਆਪਣੇ ਸੰਸਦ ਮੈਂਬਰ ਵਰਿੰਦਰ ਕਸ਼ਯਪ ਦੀ ਥਾਂ ਵਿਧਾਇਕ ਸੁਰੇਸ਼ ਕਸ਼ਯਪ ਨੂੰ ਸ਼ਿਮਲਾ ਤੋਂ ਉਮੀਦਵਾਰ ਬਣਾਇਆ ਹੈ।

84 ਸਾਲਾ ਸ਼ਾਂਤਾ ਕੁਮਾਰ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਕਿਹਾ ਸੀ ਕਿ ਉਹ ਸੰਸਦੀ ਚੋਣ ਲੜਨਾ ਨਹੀਂ ਚਾਹੁੰਦੇ ਹਨ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਜ਼ਾਹਰ ਤੌਰ 'ਤੇ ਚੁਣਾਵੀ ਸਿਆਸਤ ਤੋਂ ਸੇਵਾਮੁਕਤ ਹੋ ਗਏ ਹਨ। ਪਾਰਟੀ ਦੇ ਸੂਬੇ ਦੇ ਮੰਤਰੀ ਅਤੇ ਧਰਮਸ਼ਾਲਾ ਦੇ ਵਿਧਾਇਕ ਕਿਸ਼ਨ ਕਪੂਰ ਨੂੰ ਸ਼ਾਂਤਾ ਕੁਮਾਰ ਦੀ ਥਾਂ ਕਾਂਗੜਾ ਤੋਂ ਟਿਕਟ ਦਿੱਤੀ ਹੈ। 
68 ਸਾਲਾ ਕਿਸ਼ਨ ਕਪੂਰ, ਜਯ ਠਾਕੁਰ ਅਗਵਾਈ ਵਾਲੀ ਭਾਜਪਾ ਸਰਕਾਰ ਵਿਚ ਖੁਰਾਕ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਹਨ। ਉੱਥੇ ਹੀ ਸੁਰੇਸ਼ ਕਸ਼ਯਪ 16 ਸਾਲ ਤੋਂ ਜ਼ਿਆਦਾ ਸਮੇਂ ਤਕ ਭਾਰਤੀ ਹਵਾਈ ਫੌਜ 'ਚ ਕੰਮ ਕਰ ਚੁੱਕੇ ਹਨ। ਇੱਥੇ ਦੱਸ ਦੇਈਏ ਕਿ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਸਾਰੀਆਂ 4 ਸੀਟਾਂ ਜਿੱਤੀਆਂ ਸਨ।

Tanu

This news is Content Editor Tanu