JNU ਹਿੰਸਾ : ਸ਼ਾਹ ਨੇ ਦਿੱਲੀ ਪੁਲਸ ਕਮਿਸ਼ਨਰ ਨਾਲ ਕੀਤੀ ਗੱਲ, ਗ੍ਰਹਿ ਮੰਤਰਾਲੇ ਤੋਂ ਮੰਗੀ ਰਿਪੋਰਟ

01/05/2020 11:49:10 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ (ਜੇ.ਐੱਨ.ਯੂ.) 'ਚ ਸਥਿਤੀ 'ਤੇ ਦਿੱਲੀ ਪੁਲਸ ਦੇ ਕਮਿਸ਼ਨਰ ਅਮੁਲ ਪਟਨਾਇਕ ਨਾਲ ਗੱਲ ਕੀਤੀ ਤੇ ਐਤਵਾਰ ਰਾਤ ਕੰਪਲੈਕਸ 'ਚ ਹੋਈ ਹਿੰਸਾ ਦੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਉਣ ਦਾ ਹੁਕਮ ਦਿੱਤਾ। ਗ੍ਰਹਿ ਮੰਤਰੀ ਦੇ ਦਫਤਰ ਵਲੋਂ ਟਵੀਟ ਕੀਤਾ ਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਜੇ.ਐੱਨ.ਯੂ. ਹਿੰਸਾ ਨੂੰ ਲੈ ਕੇ ਦਿੱਲੀ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। 

ਟਵੀਟ 'ਚ ਕਿਹਾ ਗਿਆ ਕਿ ਮੰਤਰੀ ਨੇ ਸੰਯੁਕਤ ਪੁਲਸ ਕਮਿਸ਼ਨਰ ਪੱਧਰ ਦੇ ਕਿਸੇ ਅਧਿਕਾਰੀ ਤੋਂ ਇਸ ਦੀ ਜਾਂਚ ਕਰਵਾਉਣ ਤੇ ਜਲਦੀ ਤੋਂ ਜਲਦੀ ਰਿਪੋਰਟ ਦੇਣ ਨੂੰ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਸ ਤੋਂ ਜੇ.ਐੱਨ.ਯੂ. 'ਚ ਮੌਜੂਦਾ ਸਥਿਤੀ ਤੇ ਸ਼ਾਂਤੀ ਬਹਾਲ ਕਰਨ ਲਈ ਚੁੱਕੇ ਗਏ ਕਦਮਾਂ 'ਤੇ ਰਿਪੋਰਟ ਮੰਗੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਦਿੱਲੀ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਤੇ ਜੇ.ਐੱਨ.ਯੂ. 'ਚ ਹਿੰਸਾ ਸਬੰਧੀ ਪੁੱਛਿਆ। ਸਮਝਿਆ ਜਾ ਰਿਹਾ ਹੈ ਕਿ ਸ਼ਾਹ ਨੇ ਪੁਲਸ ਕਮਿਸ਼ਨਰ ਨੂੰ ਜੇ.ਐੱਨ.ਯੂ. 'ਚ ਸ਼ਾਂਤੀ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।

KamalJeet Singh

This news is Content Editor KamalJeet Singh