ਟਰੰਪ ਦੀ ਭਾਰਤ ਫੇਰੀ : ਸ਼ਾਹਜਹਾਂ-ਮੁਮਤਾਜ ਦੇ ਮਕਬਰਿਆਂ ਨੂੰ 389 ਸਾਲ 'ਚ ਪਹਿਲੀ ਵਾਰ ਗਿਆ ਸੰਵਾਰਿਆ

02/23/2020 10:39:48 AM

ਆਗਰਾ— ਤਾਜ ਮਹਿਲ ਯਾਨੀ ਕਿ ਮੁਹੱਬਤ ਦੀ ਅਮਰ ਨਿਸ਼ਾਨੀ, ਇਕ ਅਜਿਹਾ ਸਮਾਰਕ ਜਿੱਥੇ ਆਉਣ ਲਈ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਬੇਤਾਬ ਰਹਿੰਦੇ ਹਨ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਦੇ ਆਕਰਸ਼ਣ ਤੋਂ ਅਛੂਤੇ ਨਹੀਂ ਹਨ। 24 ਫਰਵਰੀ ਨੂੰ ਟਰੰਪ ਇਸ ਸਮਾਰਕ ਨੂੰ ਦੇਖਣ ਲਈ ਤਾਜ ਨਗਰੀ ਆਗਰਾ ਆ ਰਹੇ ਹਨ। ਸ਼ਾਹਜਹਾਂ ਅਤੇ ਉਸ ਦੀ ਪਤਨੀ ਮੁਮਤਾਜ ਮਹਿਲ ਦੇ ਮਕਬਰਿਆਂ ਦੀ ਬਾਹਰਲੇ ਪਾਸੇ ਮੌਜੂਦ ਪ੍ਰਤੀਕ੍ਰਿਤੀ ਨੂੰ ਟਰੰਪ ਦੇ 24 ਫਰਵਰੀ ਦੇ ਦੌਰੇ ਤੋਂ ਪਹਿਲਾਂ ਸਜਾਇਆ-ਸੰਵਾਰਿਆ ਜਾ ਰਿਹਾ ਹੈ।

17ਵੀਂ ਸਦੀ ਦੇ ਇਨ੍ਹਾਂ ਮਕਬਰਿਆਂ ਨੂੰ ਪਹਿਲੀ ਵਾਰ ਅਜਿਹਾ ਰੰਗ ਦਿੱਤਾ ਜਾ ਰਿਹਾ ਹੈ। ਦੋਹਾਂ ਦੇ ਕਬਰ 'ਚ ਦਫਨ ਹੋਣ ਤੋਂ ਬਾਅਦ 389 ਸਾਲ ਵਿਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ। ਮੁਮਤਾਜ ਮਹਿਲ ਨੂੰ 1631 'ਚ ਅਤੇ ਸ਼ਾਹਜਹਾਂ ਨੂੰ 1666 'ਚ ਦਫਨਾਇਆ ਗਿਆ ਸੀ। ਸ਼ਾਹੀ ਜੋੜੇ ਦੀਆਂ ਅਸਲ ਕਬਰਾਂ ਨੂੰ ਸਾਲ ਵਿਚ ਸਿਰਫ 3 ਦਿਨਾਂ ਲਈ ਸ਼ਾਹਜਹਾਂ ਦੇ ਉਰਸ ਸਮੇਂ ਖੋਲ੍ਹਿਆ ਜਾਂਦਾ ਹੈ, ਜਿਹੜੀਆਂ ਹੇਠਲੇ ਕਮਰੇ ਵਿਚ ਹਨ। ਉਰਸ ਦੌਰਾਨ ਆਉਣ ਵਾਲੇ ਯਾਤਰੀ ਜੋੜੇ ਲਈ ਪ੍ਰਾਰਥਨਾ ਕਰਨ ਆਉਂਦੇ ਹਨ। 

ਅਸਲ ਕਬਰਾਂ ਨੂੰ ਜਾਂਦਾ 22 ਪੌੜੀਆਂ ਵਾਲਾ ਰਾਹ ਸੌੜਾ ਹੈ, ਜਿੱਥੇ ਇਹ ਕਬਰ ਸਥਿਤ ਹੈ। ਭਾਰਤ ਦੌਰੇ 'ਤੇ ਆਉਣ ਵਾਲੀ ਕਿਸੇ ਵੀ ਵਿਦੇਸ਼ੀ ਹਸਤੀ ਨੇ ਅਸਲ ਮਕਬਰੇ ਦੇਖਣ ਦੀ ਇੱਛਾ ਕਦੇ ਪ੍ਰਗਟ ਨਹੀਂ ਕੀਤੀ। ਇਸ ਕੰਮ ਬਾਰੇ ਪੁੱਛੇ ਜਾਣ 'ਤੇ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ (ਏ. ਐੱਸ. ਆਈ.) ਦੇ ਨਿਗਰਾਨ ਇਮਾਰਤਸਾਜ਼ ਅਧਿਕਾਰੀ (ਵਿਗਿਆਨ ਵਿਭਾਗ) ਐੱਮ. ਕੇ. ਭਟਨਾਗਰ ਨੇ ਕਿਹਾ ਕਿ ਮਕਬਰਿਆਂ ਦੀ ਮੁਰੰਮਤ ਦਾ ਕੰਮ ਪਿਛਲੇ ਹਫਤੇ ਆਰੰਭ ਹੋਇਆ ਸੀ ਅਤੇ ਸ਼ੁੱਕਰਵਾਰ ਸ਼ਾਮ ਨੂੰ ਇਸ ਨੂੰ ਮੁਕੰਮਲ ਕਰ ਲਿਆ ਗਿਆ। ਇਸ ਦੌਰਾਨ ਚੂਨੇ ਦੀ ਮੋਟੀ ਤਹਿ ਖਰਾਬ ਹੋਏ ਹਿੱਸਿਆਂ 'ਤੇ ਲਾਈ ਗਈ ਅਤੇ ਸੁੱਕਣ ਤੋਂ ਬਾਅਦ ਉਹ ਚਮਕ ਦੇਣ ਲੱਗ ਪਏ ਹਨ।

Tanu

This news is Content Editor Tanu