ਅਮਿਤ ਸ਼ਾਹ ਅਤੇ JP ਨੱਢਾ ਨੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਕੀਤੀ ਮੁਲਾਕਾਤ, ''ਭਾਰਤ ਰਤਨ'' ਲਈ ਦਿੱਤੀ ਵਧਾਈ

02/06/2024 6:32:30 PM

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਮੰਗਲਵਾਰ ਨੂੰ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੇ ਐਲਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਧਾਈ ਦਿੱਤੀ। ਸ਼ਾਹ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਅਡਵਾਨੀ ਨੇ ਦੇਸ਼ ਦੀ ਸੱਭਿਆਚਾਰਕ ਵਿਰਾਸਤ, ਰਾਜਨੀਤੀ ਅਤੇ ਤਰੱਕੀ ਵਿਚ ਅਮੁੱਲ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ,"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਡਵਾਨੀ ਜੀ ਨੂੰ ਭਾਰਤ ਰਤਨ ਦੇਣ ਦਾ ਫ਼ੈਸਲਾ ਕਰਕੇ ਉਨ੍ਹਾਂ ਦੇ ਅਣਥੱਕ ਸੰਘਰਸ਼ਾਂ ਅਤੇ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਕੰਮ ਕੀਤਾ ਹੈ। ਅਡਵਾਨੀ ਜੀ ਨੂੰ ਭਾਰਤ ਰਤਨ ਮਿਲਣ ਦੇ ਐਲਾਨ ਤੋਂ ਬਾਅਦ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।''

ਉਨ੍ਹਾਂ ਕਿਹਾ,“ਅਡਵਾਨੀ ਜੀ ਨੇ ਦੇਸ਼ ਦੀ ਸੱਭਿਆਚਾਰਕ ਵਿਰਾਸਤ, ਰਾਜਨੀਤੀ ਅਤੇ ਤਰੱਕੀ ਵਿਚ ਅਮੁੱਲ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਕੀਤਾ ਗਿਆ ਕੰਮ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਭਾਜਪਾ ਪ੍ਰਧਾਨ ਨੱਢਾ ਨੇ ਵੀ ਅਡਵਾਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ,“ਭਾਜਪਾ ਦੇ ਸੀਨੀਅਰ ਨੇਤਾ, ਸਾਡੇ ਆਦਰਸ਼ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ‘ਭਾਰਤ ਰਤਨ’ ਪ੍ਰਦਾਨ ਕਰਨ ਦੇ ਫੈਸਲੇ ਤੋਂ ਬਾਅਦ, ਉਹ ਅੱਜ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਆਏ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਲੋਕਤੰਤਰ ਅਤੇ ਰਾਜਨੀਤੀ ਨੂੰ ਮਜ਼ਬੂਤ, ਸਾਫ਼-ਸੁਥਰਾ ਅਤੇ ਉੱਤਮ ਬਣਾਉਣ ਵਿਚ ਅਡਵਾਨੀ ਜੀ ਦਾ ਯੋਗਦਾਨ ਅਭੁੱਲ ਹੈ।'' ਨੱਢਾ ਨੇ ਕਿਹਾ ਕਿ ਲੋਕਾਂ ਵਿਚ ਦੇਸ਼ ਭਗਤੀ ਅਤੇ ਲੋਕ ਸੇਵਾ ਦੀ ਮਜ਼ਬੂਤ ​​ਭਾਵਨਾ ਪੈਦਾ ਕਰਨ ਲਈ ਕੀਤੇ ਗਏ ਉਨ੍ਹਾਂ ਦੇ ਕੰਮ ਦੀ ਭਾਜਪਾ ਵਰਕਰਾਂ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ, ਜੋ ਹਮੇਸ਼ਾ ਪ੍ਰੇਰਨਾ ਪ੍ਰਦਾਨ ਕਰਦੇ ਹਨ। ਅਡਵਾਨੀ ਨੂੰ ਸ਼ਨੀਵਾਰ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਉਦੋਂ ਤੋਂ ਹੀ ਭਾਜਪਾ ਦੇ ਕਈ ਨੇਤਾਵਾਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕ ਅਡਵਾਨੀ ਨੂੰ ਵਧਾਈ ਦੇ ਰਹੇ ਹਨ।

DIsha

This news is Content Editor DIsha