ਇੰਡੀਆ ਗੇਟ ਨੇੜੇ ਧਾਰਾ 144 ਲਾਗੂ, ਸਾਰੇ ਸਮਾਗਮਾਂ ''ਤੇ ਪਾਬੰਦੀ

10/02/2020 3:26:27 AM

ਨਵੀਂ ਦਿੱਲੀ - ਦਿੱਲੀ ਪੁਲਸ ਨੇ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਗਾ ਦਿੱਤੀ ਹੈ। ਇੱਥੇ ਕਿਸੇ ਤਰ੍ਹਾਂ ਦੇ ਪ੍ਰਬੰਧ ਜਾਂ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ। ਦਿੱਲੀ ਪੁਲਸ ਦੇ ਡੀ.ਸੀ.ਪੀ. ਵਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ। ਦਿੱਲੀ ਪੁਲਸ ਵਲੋਂ ਕਿਹਾ ਗਿਆ ਹੈ ਕਿ 03 ਸਤੰਬਰ 2020 ਦੇ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੇ ਆਦੇਸ਼ ਦੇ ਤਹਿਤ ਜੰਤਰ ਮੰਤਰ 'ਤੇ ਕੁਲ 100 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਹੈ। ਹਾਲਾਂਕਿ ਇਸ ਦੇ ਲਈ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਇੰਡੀਆ ਗੇਟ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਦੇਸ਼ਭਰ 'ਚ ਬੀਤੇ ਕੁੱਝ ਦਿਨਾਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਹਨ। ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਇੰਡੀਆ ਗੇਟ ਦੇ ਕੋਲ ਕਿਸਾਨਾਂ ਨੇ ਟ੍ਰੈਕਟਰ 'ਚ ਅੱਗ ਲਗਾ ਦਿੱਤੀ ਸੀ। ਉਥੇ ਹੀ ਹਾਥਰਸ 'ਚ ਇੱਕ ਕੁੜੀ ਨਾਲ ਕਥਿਤ ਰੇਪ ਅਤੇ ਉਸ ਦੀ ਹੱਤਿਆ ਨੂੰ ਲੈ ਕੇ ਵੀ ਲੋਕਾਂ 'ਚ ਗੁੱਸਾ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਲੋਕ ਦਿੱਲੀ 'ਚ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਸਕਦੇ ਹਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਅਤੇ ਨਿਗਮ ਸੇਵਾਦਾਰ ਮੈਬਰਾਂ ਨੇ 2 ਅਕਤੂਬਰ ਨੂੰ ਹਾਥਰਸ ਦੀ ਦਲਿਤ ਕੁੜੀ ਨਾਲ ਕੁਕਰਮ ਦੇ ਵਿਰੋਧ 'ਚ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ। ਹੁਣ ਪੁਲਸ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਧਾਰਾ 144 ਲਾਗੂ ਹੋਣ ਤੋਂ ਬਾਅਦ ਕਿਸੇ ਥਾਂ 'ਤੇ ਇੱਕ ਸਮੇਂ 'ਚ ਚਾਰ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਹੁੰਦੀ ਹੈ।
 

Inder Prajapati

This news is Content Editor Inder Prajapati