ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਤੋਂ ਬਾਅਦ ਮੰਤਰੀਆਂ ਦੇ ਨਾਂ ’ਤੇ ਫਸਿਆ ਪੇਚ

12/12/2022 11:14:08 AM

ਸ਼ਿਮਲਾ (ਰਾਕਟਾ)- ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਤੋਂ ਬਾਅਦ ਹੁਣ ਕਾਂਗਰਸ ’ਚ ਮੰਤਰੀਆਂ ਦੇ ਨਾਵਾਂ ’ਤੇ ਪੇਚ ਫਸ ਗਿਆ ਹੈ। ਕਾਂਗਰਸ ਸਰਕਾਰ ’ਚ ਸੀ. ਐੱਮ. ਅਤੇ ਡਿਪਟੀ ਸੀ. ਐੱਮ. ਤੋਂ ਬਾਅਦ ਹੁਣ 10 ਮੰਤਰੀ ਬਣਾਏ ਜਾਣੇ ਹਨ। ਅਜਿਹੇ ’ਚ ਸਾਰੇ ਨੇਤਾ ਆਪਣੇ-ਆਪਣੇ ਵਿਧਾਇਕ ਸਮਰਥਕਾਂ ਨੂੰ ਮੰਤਰੀ ਬਣਾਉਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ। ਹੋਲੀਲੌਜ ਤੋਂ ਵੀ ਕਈ ਨਾਂ ਅੱਗੇ ਰੱਖੇ ਗਏ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਵੀ ਆਪਣੇ ਚਹੇਤੇ ਵਿਧਾਇਕਾਂ ਨੂੰ ਮੰਤਰੀ ਬਣਾਉਣਾ ਚਾਹ ਰਹੇ ਹਨ। ਅਜਿਹੇ ’ਚ ਮੰਤਰੀ ਮੰਡਲ ਦੇ ਗਠਨ ਦਾ ਮਾਮਲਾ ਉਲਝ ਗਿਆ ਹੈ। ਐਤਵਾਰ ਨੂੰ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬਾ ਇੰਚਾਰਜ ਰਾਜੀਵ ਸ਼ੁਕਲਾ ਨਾਲ ਮੀਟਿੰਗ ਵੀ ਕੀਤੀ। ਜਾਣਕਾਰੀ ਮੁਤਾਬਕ ਮੰਤਰੀਆਂ ਦੇ ਨਾਵਾਂ ’ਤੇ ਹੁਣ ਦਿੱਲੀ ਤੋਂ ਹੀ ਮੋਹਰ ਲੱਗਾਈ ਜਾਵੇਗੀ। ਅਜਿਹੇ ’ਚ ਇਕ-ਦੋ ਦਿਨਾਂ ਬਾਅਦ ਹੀ ਮੰਤਰੀਆਂ ਦੇ ਨਾਵਾਂ ’ਤੇ ਮੋਹਰ ਲੱਗ ਸਕਦੀ ਹੈ। ਇਸ ਸਮੇਂ ’ਚ ਮੁੱਖ ਮੰਤਰੀ ਦਿੱਲੀ ਵੀ ਜਾ ਸਕਦੇ ਹਨ। ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕੇਂਦਰੀ ਨਿਗਰਾਨ ਵੀ ਪਰਤ ਗਏ ਹਨ।

ਕਿਸੇ ਵੀ ਮੰਤਰੀ ਨੇ ਨਹੀਂ ਚੁੱਕੀ ਸਹੁੰ

ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਨਾਲ ਹੀ ਕੁਝ ਮੰਤਰੀ ਵੀ ਸਹੁੰ ਚੁੱਕ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ। ਐਤਵਾਰ ਨੂੰ ਸਿਰਫ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨੇ ਅਹੁਦੇ ਦੀ ਸਹੁੰ ਚੁੱਕੀ।

11 ਵਿਧਾਇਕਾਂ ਨੂੰ ਲੈ ਕੇ ਉੱਡਦੀ ਰਹੀ ਅਫਵਾਹ

ਕਾਂਗਰਸ ਦੇ 11 ਵਿਧਾਇਕਾਂ ਦੇ ਬਾਗੀ ਹੋਣ ਨੂੰ ਲੈ ਕੇ ਐਤਵਾਰ ਨੂੰ ਇਕ ਅਫਵਾਹ ਉੱਡਦੀ ਰਹੀ ਹੈ, ਜਦਕਿ ਸਾਰੇ ਵਿਧਾਇਕ ਸਹੁੰ ਚੁੱਕ ਸਮਾਰੋਹ ’ਚ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸਹੁੰ ਸਮਾਰੋਹ ਤੋਂ ਪਹਿਲਾਂ ਸੁੱਖੂ ਹੋਲੀਲੌਜ ਜਾ ਕੇ ਪ੍ਰਤਿਭਾ ਸਿੰਘ ਨੂੰ ਮਿਲੇ ਸਨ। ਇਸ ਦੌਰਾਨ ਨੇਤਾਵਾਂ ’ਚ ਸੱਤਾ ਅਤੇ ਸੰਗਠਨ ਨਾਲ ਜੁੜੇ ਮਸਲਿਆਂ ’ਤੇ ਵੀ ਚਰਚਾ ਹੋਈ ਸੀ।

DIsha

This news is Content Editor DIsha