ਸਕੂਲ ਦਾ ਤੁਗ਼ਲਕੀ ਫਰਮਾਨ, ਸਿੱਖ ਵਿਦਿਆਰਥੀ ਨੂੰ ਪੱਗ ਬੰਨ੍ਹ ਕੇ ਆਉਣ ਤੋਂ ਰੋਕਿਆ

11/27/2019 5:54:30 PM

ਬਿਜਨੌਰ— ਦਸਤਾਰ ਸਿੱਖ ਦੀ ਪਛਾਣ ਹੈ ਅਤੇ ਇਸ ਨੂੰ ਲੈ ਕੇ ਉਹ ਕਈ ਵਾਰ ਭੇਦਭਾਵ ਦਾ ਸ਼ਿਕਾਰ ਹੁੰਦੇ ਆਏ ਹਨ। ਕਦੇ ਹਵਾਈ ਸਫਰ ਦੌਰਾਨ ਤੇ ਕਦੇ ਸਕੂਲ-ਕਾਲਜ 'ਚ ਦਸਤਾਰ ਬੰਨ੍ਹਣ ਨੂੰ ਲੈ ਕੇ ਸਿੱਖਾਂ 'ਤੇ ਨਸਲੀ ਹਮਲੇ ਹੁੰਦੇ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ, ਇੱਥੋਂ ਦੇ ਸੈਂਟ ਮੈਰੀ ਸਕੂਲ ਦੇ ਪ੍ਰਬੰਧਨ ਨੇ ਪੱਗ ਬੰਨ੍ਹ ਕੇ ਆਉਣ ਵਾਲੇ ਸਿੱਖ ਨੌਜਵਾਨ ਦੇ ਸਕੂਲ ਆਉਣ 'ਤੇ ਪਾਬੰਦੀ ਲਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 10ਵੀਂ ਜਮਾਤ ਦਾ ਵਿਦਿਆਰਥੀ ਨਵਜੋਤ ਸਿੰਘ ਪੱਗ ਬੰਨ੍ਹਣ ਕੇ ਸਕੂਲ ਜਾਂਦਾ ਸੀ ਪਰ ਸੈਂਟ ਮੈਰੀ ਸਕੂਲ ਪ੍ਰਬੰਧਨ ਨੇ ਪੱਗ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਅਤੇ ਉਨ੍ਹਾਂ ਨੇ ਸਿੱਖ ਵਿਦਿਆਰਥੀ ਦੇ ਪੱਗ ਬੰਨ੍ਹ ਕੇ ਸਕੂਲ ਆਉਣ 'ਤੇ ਪਾਬੰਦੀ ਲਾ ਦਿੱਤੀ।

ਸਕੂਲ ਵਲੋਂ ਅਜਿਹਾ ਤੁਗ਼ਲਕੀ ਫਰਮਾਨ ਦਿੱਤੇ ਜਾਣ ਤੋਂ ਬਾਅਦ ਨਵਜੋਤ ਦਾ ਚਾਚਾ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨਾਲ ਸਕੂਲ ਪੁੱਜੇ। ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਨੂੰ ਦੱਸਿਆ ਕਿ ਸਕੂਲ 'ਚ ਵਿਦਿਆਰਥੀਆਂ ਨੂੰ ਪੱਗ ਬੰਨ੍ਹ ਕੇ ਆਉਣ 'ਤੇ ਪਾਬੰਦੀ ਹੈ। ਇਸ 'ਤੇ ਪਰਿਵਾਰ ਵਾਲਿਆਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਇਹ ਪੱਗ ਸਿੱਖ ਧਰਮ ਅਤੇ ਉਨ੍ਹਾਂ ਦੇ ਸਨਮਾਨ ਨਾਲ ਜੁੜੀ ਹੈ ਪਰ ਪ੍ਰਿੰਸੀਪਲ ਨੇ ਉਨ੍ਹਾਂ ਦੀ ਇਕ ਵੀ ਗੱਲ ਨਹੀਂ ਸੁਣੀ ਅਤੇ ਵਿਦਿਆਰਥੀ ਨੂੰ ਦੂਜੇ ਸਕੂਲ 'ਚ ਭੇਜਣ ਦੀ ਹਿਦਾਇਤੀ ਦੇ ਦਿੱਤੀ। ਜਿਵੇਂ ਹੀ ਸਕੂਲ ਪ੍ਰਬੰਧਨ ਦੇ ਇਸ ਤੁਗ਼ਲਕੀ ਫਰਮਾਨ ਦੀ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਤਾਂ ਉਨ੍ਹਾਂ ਨੇ ਸਕੂਲ ਪ੍ਰਬੰਧਨ ਵਿਰੁੱਧ ਐੱਸ. ਡੀ. ਐੱਮ. ਨੂੰ ਮੰਗ ਪੱਤਰ ਸੌਂਪਿਆ ਹੈ। ਸਿੱਖ ਸਮਾਜ ਦੇ ਲੋਕਾਂ ਨੇ ਐੱਸ. ਡੀ. ਐੱਮ. ਨੂੰ ਮੰਗ ਪੱਤਰ ਸੌਂਪਦੇ ਹੋਏ ਪੀ. ਐੱਮ. ਮੋਦੀ ਅਤੇ ਗ੍ਰਹਿ ਮੰਤਰਾਲੇ ਤੋਂ ਸਕੂਲ ਪ੍ਰਬੰਧਨ ਦੀ ਸ਼ਿਕਾਇਤ ਕੀਤੀ ਹੈ। ਓਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਕੂਲ ਪ੍ਰਬੰਧਨ ਦੇ ਇਸ ਫਰਮਾਨ ਤੋਂ ਭਾਰੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

Tanu

This news is Content Editor Tanu