ਮੋਦੀ ਦੀ ਡੁੱਬ ਰਹੀ ਹੈ ਕਿਸ਼ਤੀ, ਆਰ. ਐੱਸ. ਐੱਸ. ਨੇ ਵੀ ਛੱਡਿਆ ਸਾਥ : ਮਾਇਆਵਤੀ

05/15/2019 1:30:19 AM

ਲਖਨਊ/ਬਲੀਆ, (ਭਾਸ਼ਾ)— ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਕ ਵਾਰ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਕਿਸ਼ਤੀ ਡੁੱਬ ਰਹੀ ਹੈ ਅਤੇ ਆਰ. ਐੱਸ. ਐੱਸ. ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ।
ਮੰਗਲਵਾਰ ਇਥੇ ਸਪਾ-ਬਸਪਾ ਦੀ ਇਕ ਰੈਲੀ 'ਚ ਮਾਇਆਵਤੀ ਨੇ ਕਿਹਾ ਕਿ 23 ਮਈ ਤੋਂ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਬੁਰੇ ਦਿਨ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਕਿਸ਼ਤੀ ਡੁੱਬ ਰਹੀ ਹੈ। ਇਸ ਦੀ ਜਿਊਂਦੀ-ਜਾਗਦੀ ਉਦਾਹਰਣ ਇਹ ਹੈ ਕਿ ਆਰ. ਐੱਸ. ਐੱਸ. ਨੇ ਵੀ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ। ਬੇਹੱਦ ਵਾਅਦਾ ਖਿਲਾਫੀ ਕਾਰਨ ਭਾਰੀ ਲੋਕ ਵਿਰੋਧ ਨੂੰ ਦੇਖਦਿਆਂ ਆਰ. ਐੱਸ. ਐੱਸ ਵਲੋਂ ਖੁਦ ਇਸ ਵਾਰ ਚੋਣਾਂ 'ਚ ਕੀਤੀ ਮਿਹਨਤ ਨਜ਼ਰ ਨਹੀਂ ਆ ਰਹੀ। ਇਸ ਕਾਰਨ ਮੋਦੀ ਪਸੀਨੋ-ਪਸੀਨੀ ਹੋਏ ਪਏ ਹਨ।
ਮਾਇਆਵਤੀ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਦੇਸ਼ ਨੇ ਹੁਣ ਤਕ ਕਈ ਆਗੂਆਂ ਨੂੰ ਸੇਵਕ, ਮੁੱਖ ਸੇਵਕ, ਚਾਹ ਵਾਲਾ ਅਤੇ ਚੌਕੀਦਰ ਵਜੋਂ ਦੇਖਿਆ ਹੈ। ਹੁਣ ਦੇਸ਼ ਨੂੰ ਸੰਵਿਧਾਨ ਦੀ ਸਹੀ ਮਨਸ਼ਾ ਨਾਲ ਚਲਾਉਣ ਵਾਲਾ ਸ਼ੁੱਧ ਪੀ. ਐੱਮ. ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਡ ਸ਼ੋਅ ਅਤੇ ਥਾਂ-ਥਾਂ ਪੂਜਾ ਪਾਠ ਇਕ ਨਵਾਂ ਚੋਣ ਫੈਸ਼ਨ ਬਣ ਗਿਆ ਹੈ। ਇਸ 'ਤੇ ਭਾਰੀ ਖਰਚ ਕੀਤਾ ਜਾਂਦਾ ਹੈ। ਚੋਣ ਕਮਿਸ਼ਨ ਨੂੰ ਇਹ ਸਾਰਾ ਖਰਚਾ ਉਮੀਦਵਾਰ ਦੇ ਖਰਚੇ 'ਚ ਸ਼ਾਮਲ ਕਰਨਾ ਚਾਹੀਦਾ ਹੈ।

KamalJeet Singh

This news is Content Editor KamalJeet Singh