ਰੋਟੋਮੈਕ ਦਾ ਮਾਲਕ ਕੋਠਾਰੀ ਤੇ ਉਸ ਦਾ ਬੇਟਾ ਅਦਾਲਤ ''ਚ ਪੇਸ਼

02/23/2018 11:19:48 PM

ਨਵੀਂ ਦਿੱਲੀ—ਸੀ. ਬੀ. ਆਈ. ਨੇ ਅੱਜ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਨੂੰ 3695 ਕਰੋੜ ਰੁਪਏ ਦਾ ਕਰਜ਼ਾ ਨਾ ਅਦਾ ਕੀਤੇ ਜਾਣ ਨਾਲ ਜੁੜੇ ਇਕ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਲਖਨਊ ਲਿਜਾਣ ਲਈ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ। ਦੋਵੇਂ ਐਡੀਸ਼ਨਲ ਮੈਟਰੋਪਾਲੀਟਨ ਮੈਜਿਸਟਰੇਟ ਸਮਰ ਵਿਸ਼ਾਲ ਦੇ ਸਾਹਮਣੇ ਪੇਸ਼ ਕੀਤੇ ਗਏ। ਉਨ੍ਹਾਂ ਨੂੰ ਕਰਜ਼ਾ ਅਦਾਇਗੀ ਦੀ ਕਥਿਤ ਉਲੰਘਣਾ ਨੂੰ ਲੈ ਕੇ ਕੱਲ ਗ੍ਰਿਫਤਾਰ ਕੀਤਾ ਗਿਆ ਸੀ।
ਬਚਾਅ ਪੱਖ ਦੇ ਵਕੀਲ ਪ੍ਰਮੋਦ ਕੁਮਾਰ ਦੁਬੇ ਨੇ ਅਦਾਲਤ ਦੇ ਖੇਤਰ ਅਧਿਕਾਰ 'ਤੇ ਸਵਾਲ ਖੜ੍ਹਾ ਕੀਤਾ ਅਤੇ ਕਿਹਾ ਕਿ ਦੋਸ਼ੀ ਮੈਜਿਸਟਰੇਟ ਅਦਾਲਤ ਵਿਚ ਨਹੀਂ, ਸਗੋਂ ਸੈਸ਼ਨ ਅਦਾਲਤ ਵਿਚ ਪੇਸ਼ ਕੀਤੇ ਜਾਣ। ਅਦਾਲਤ ਨੇ ਅੱਜ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ। ਸੀ. ਬੀ. ਆਈ. ਦੀ ਸ਼ਿਕਾਇਤ ਮੁਤਾਬਕ 7 ਬੈਂਕਾਂ ਦੇ ਇਕ ਸਮੂਹ ਨੇ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਨੂੰ 2008 ਤੋਂ ਬਾਅਦ 2919 ਕਰੋੜ ਰੁਪਏ ਦਾ ਕਰਜ਼ਾ ਦਿੱਤਾ। ਇਹ ਰਾਸ਼ੀ ਭੁਗਤਾਨ ਸਬੰਧੀ ਵਾਰ-ਵਾਰ ਉਲੰਘਣਾ ਕਾਰਨ ਵਿਆਜ ਸਮੇਤ 3695 ਕਰੋੜ ਰੁਪਏ ਹੋ ਗਈ। ਬੈਕ ਆਫ ਬੜੌਦਾ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਇਹ ਕਾਰਵਾਈ ਕੀਤੀ।