ਮੂੰਹ ਦੱਬ ਕੇ ਕੀਤਾ ਗਿਆ ਸੀ ਰੋਹਿਤ ਸ਼ੇਖਰ ਦਾ ਕਤਲ : ਪੋਸਟਮਾਰਟਮ ਰਿਪੋਰਟ

04/19/2019 7:32:31 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਦੱਤ ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਸਬੰਧ 'ਚ ਦਿੱਲੀ ਪੁਲਸ ਨੇ ਬੀਤੀ ਰਾਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 40 ਸਾਲਾ ਰੋਹਿਤ ਆਪਣੇ ਘਰ 'ਚ ਮ੍ਰਿਤਕ ਮਿਲਿਆ ਸੀ। ਉਸ ਦੀ ਨੱਕ 'ਚੋਂ ਖੂਨ ਨਿਕਲ ਰਿਹਾ ਸੀ।

ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਗਿਆ ਸੀ। ਕੇਸ ਟਰਾਂਸਫਰ ਹੋਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਰੋਹਿਤ ਸ਼ੇਖਰ ਤਿਵਾੜੀ ਦੇ ਡਿਫੈਂਸ ਕਾਲੌਨੀ 'ਚ ਮੌਜੂਦ ਘਰ ਜਾਂ ਪਹੁੰਚੀ ਤੇ ਨਾਲ ਉਥੇ ਸੀ.ਐੱਫ.ਐੱਸ.ਐੱਲ. ਦੀ ਟੀਮ ਵੀ ਸੱਦੀ ਗਈ। ਜਿਸ ਤੋਂ ਬਾਅਦ ਵਾਰਦਾਤ ਦੀ ਜਾਂਚ ਪੜਤਾਲ ਕੀਤੀ ਗਈ। ਜਾਂਚ ਤੋਂ ਬਾਅਦ ਪੁਲਸ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਰੋਹਿਤ ਸ਼ੇਖਰ ਤਿਵਾੜੀ ਦੀ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ। ਜਿਸ ਦੇ ਮੁਤਾਬਕ ਰੋਹਿਤ ਦਾ ਮੂੰਹ ਦੱਬ ਕੇ ਉਸ ਦੀ ਹੱਤਿਆ ਕੀਤੀ ਗਈ।

ਜ਼ਿਕਰਯੋਗ ਹੈ ਕਿ ਰੋਹਿਤ ਸ਼ੇਖਰ ਤਿਵਾੜੀ ਰਾਜਧਾਨੀ ਦਿੱਲੀ ਦੀ ਡਿਫੈਂਸ ਕਲੌਨੀ 'ਚ ਆਪਣੀ ਮਾਂ ਉੱਜਵਲਾ ਤਿਵਾੜੀ ਨਾਲ ਰਹਿੰਦਾ ਸੀ, ਜਿਥੇ ਉਹ ਕਮਰੇ 'ਚ ਸ਼ੱਕੀ ਹਾਲਾਤ 'ਚ ਮ੍ਰਿਤਕ ਮਿਲਿਆ ਸੀ। ਜਿਸ ਤੋਂ ਬਾਅਦ ਤੁਰੰਤ ਉਸ ਨੂੰ ਮੈਕਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਰੋਹਿਤ ਦੀ ਮੌਤ 'ਤੇ ਉਸ ਦੀ ਮਾਂ ਨੇ ਕਿਹਾ ਕਿ ਕਿਸੇ 'ਤੇ ਸ਼ੱਕ ਨਹੀਂ ਹੈ। ਇਹ ਕੁਦਰਤੀ ਮੌਤ ਹੀ ਹੈ ਪਰ ਉਹ ਇਸ ਗੱਲ ਦਾ ਖੁਲਾਸਾ ਬਾਅਦ 'ਚ ਕਰਨਗੀ ਕਿ ਰੋਹਿਤ ਦੀ ਮੌਤ ਕਿਨ੍ਹਾਂ ਹਲਾਤਾਂ 'ਚ ਹੋਈ। ਬਾਅਦ ਉਨ੍ਹਾਂ ਦੀ ਮਾਂ ਨੇ ਮੌਤ ਦਾ ਕਾਰਨ ਡਿਪ੍ਰੈਸ਼ਨ ਦੱਸਿਆ ਸੀ।

ਦੱਸਣਯੋਗ ਹੈ ਕਿ ਐੱਨ.ਡੀ. ਤਿਵਾੜੀ ਦਾ ਦਿਹਾਂਤ ਬੀਤੇ ਸਾਲ 18 ਅਕਤੂਬਰ ਨੂੰ ਹੋਇਆ ਸੀ। ਸਾਲ 2008 'ਚ ਰੋਹਿਤ ਸ਼ੇਖਰ ਨੇ ਅਦਾਲਤ 'ਚ ਮਾਮਲਾ ਦਰਜ ਕਰ ਖੁਦ ਨੂੰ ਐੱਨ.ਡੀ. ਤਿਵਾੜੀ ਦਾ ਬੇਟਾ ਦੱਸਿਆ ਸੀ, ਸ਼ੁਰੂ 'ਚ ਐੱਨ.ਡੀ. ਤਿਵਾੜੀ ਨੇ ਇਸ ਗੱਲ ਤੋਂ ਇਨਕਾਰ ਕੀਤਾ, ਪਰ ਬਾਅਦ 'ਚ ਡੀ.ਐੱਨ.ਏ. ਜਾਂਚ 'ਚ ਸਾਬਿਤ ਹੋਇਆ ਕਿ ਰੋਹਿਤ, ਐੱਨ.ਡੀ. ਤਿਵਾੜੀ ਦਾ ਹੀ ਬੇਟਾ ਹੈ। ਇਸ ਤੋਂ ਬਾਅਦ ਐੱਨ.ਡੀ. ਤਿਵਾੜੀ ਨੇ 2014 'ਚ 89 ਸਾਲ ਦੀ ਉਮਰ 'ਚ ਰੋਹਿਤ ਸ਼ੇਖਰ ਦੀ ਮਾਂ ਉੱਜਵਲਾ 'ਚ ਸ਼ਾਦੀ ਕੀਤੀ ਸੀ।

Inder Prajapati

This news is Content Editor Inder Prajapati