ਖੁਸ਼ਖ਼ਬਰੀ: ਇਸ ਦਿਨ ਤੋਂ ਪਟੜੀ ''ਤੇ ਦੌੜੇਗੀ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ

10/11/2020 6:14:41 PM

ਨਵੀਂ ਦਿੱਲੀ— ਅਨਲੌਕ-5 ਵਿਚ ਜਿੱਥੇ ਤਮਾਮ ਆਰਥਿਕ ਗਤੀਵਿਧੀਆ ਆਮ ਹੋ ਰਹੀਆਂ ਹਨ, ਉੱਥੇ ਹੀ ਭਾਰਤੀ ਰੇਲ ਸੇਵਾ ਵੀ ਹੌਲੀ-ਹੌਲੀ ਪਟੜੀ 'ਤੇ ਪਰਤ ਰਹੀ ਹੈ। ਵਿਸ਼ੇਸ਼ ਟਰੇਨਾਂ ਦੇ ਨਾਲ-ਨਾਲ ਭਾਰਤੀ ਰੇਲ ਨੇ ਧਾਰਮਿਕ ਸਥਾਨਾਂ ਨਾਲ ਜੁੜੀ ਆਪਣੀ ਰੇਲ ਸੇਵਾ ਵੀ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਰਮਿਆਨ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਚੰਗੀ ਖ਼ਬਰ ਆਈ ਹੈ। 

ਦਿੱਲੀ ਤੋਂ ਜੰਮੂ-ਕਸ਼ਮੀਰ ਦੇ ਕਟੜਾ ਤੱਕ ਚੱਲਣ ਵਾਲੀ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਸੇਵਾ 15 ਅਕਤੂਬਰ ਤੋਂ ਮੁੜ ਸ਼ੁਰੂ ਹੋ ਜਾਵੇਗੀ। ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਐਤਵਾਰ ਯਾਨੀ ਕਿ ਅੱਜ ਟਵੀਟ ਕਰ ਕੇ ਕਿਹਾ ਕਿ ਰੇਲ ਮੰਤਰੀ ਪਿਊਸ਼ ਗੋਇਲ ਨਾਲ ਦੋ ਦਿਨ ਪਹਿਲਾਂ ਹੋਈ ਚਰਚਾ ਤੋਂ ਬਾਅਦ ਰੇਲ ਮੰਤਰਾਲਾ ਨੇ 15 ਅਕਤੂਬਰ ਤੋਂ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਸੇਵਾ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਟਰੇਨ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ 'ਤੇ ਜਾਣ ਵਾਲੇ ਭਗਤਾਂ ਨੂੰ ਕਾਫੀ ਰਾਹਤ ਮਿਲੇਗੀ। 


ਦਰਅਸਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮਾਰਚ ਮਹੀਨੇ ਤੋਂ ਹੀ ਟਰੇਨ ਸੇਵਾਵਾਂ ਰੱਦ ਹਨ, ਜਿਨ੍ਹਾਂ ਨੂੰ ਹੌਲੀ-ਹੌਲੀ ਲੜੀਬੱਧ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੈਮੀ-ਹਾਈ ਸਪੀਡ ਵੰਦੇ ਭਾਰਤ ਟਰੇਨ ਸੇਵਾ ਦੀ ਸ਼ੁਰੂਆਤ ਦੇਸ਼ 'ਚ ਪਿਛਲੇ ਸਾਲ ਅਕਤੂਬਰ ਤੋਂ ਕੀਤੀ ਗਈ ਸੀ। ਇਸ ਨਾਲ ਸਿਰਫ 8 ਘੰਟਿਆਂ ਵਿਚ ਨਵੀਂ ਦਿੱਲੀ ਤੋਂ ਜੰਮੂ-ਕਸ਼ਮੀਰ ਦੇ ਕਟੜਾ ਪਹੁੰਚਿਆ ਜਾ ਸਕਦਾ ਹੈ। ਇਹ ਟਰੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹੱਤਵਪੂਰਨ 'ਮੇਕ-ਇਨ-ਇੰਡੀਆ' ਪ੍ਰਾਜੈਕਟ ਦਾ ਹਿੱਸਾ ਹੈ।

Tanu

This news is Content Editor Tanu