ਜਾਣੋ ਗਣਤੰਤਰ ਦਿਵਸ ਨਾਲ ਸਬੰਧਤ 26 ਮਹੱਤਵਪੂਰਨ ਤੱਥ

01/23/2019 4:06:21 PM

ਨਵੀਂ ਦਿੱਲੀ-ਭਾਰਤ ਦੇ ਇਸ ਬਹਾਦਰੀ ਅਤੇ ਹਿੰਮਤ ਦੇ ਪਲ ਨੂੰ ਦੇਖਣ ਲਈ ਹਰ ਸਾਲ ਰਾਜਪੱਥ ਤੋਂ ਲਾਲ ਕਿਲ੍ਹੇ ਤੱਕ ਲੱਖਾਂ ਲੋਕਾਂ ਦੀ ਭੀੜ ਹੁੰਦੀ ਹੈ। ਪੂਰੇ ਰਸਤੇ ਨੂੰ ਲੋਕ ਤਾੜੀਆਂ ਅਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਪਰੇਡ 'ਚ ਸ਼ਾਮਿਲ ਸਿਪਾਹੀਆਂ ਦੀ ਹੌਸਲਾ ਅਫਜ਼ਾਈ ਕਰਦੇ ਹਨ।  

ਹਰ ਸਾਲ ਦੀ ਤਰ੍ਹਾਂ (23 ਜਨਵਰੀ) ਨੂੰ ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈੱਸ ਰਿਹਰਸਲ ਹੋਈ। ਗਣਤੰਤਰ ਦੇ ਇਸ ਰਾਸ਼ਟਰੀ ਤਿਉਹਾਰ ਨੂੰ ਲੈ ਕੇ ਰਾਜਪੱਥ ਨੂੰ ਥਾਂ-ਥਾਂ 'ਤੇ ਸਜਾਇਆ ਜਾ ਰਿਹਾ ਹੈ।

ਗਣਤੰਤਰ ਦਿਵਸ ਦੀ ਸ਼ੁਰੂਆਤੀ ਪਰੇਡ ਨਾਲ ਜੁੜੇ ਇਹ ਕੁਝ ਰੌਚਕ ਤੱਥਾਂ ਹਨ, ਜੋ ਤੁਸੀਂ ਨਹੀਂ ਜਾਣਦੇ ਹੋ।

1. ਗਣਤੰਤਰ ਦਿਵਸ ਦੀ ਸ਼ਾਨਦਾਰ ਪਰੇਡ ਦੇਖਣ ਦੇ ਲਈ 26 ਜਨਵਰੀ ਦੇ ਮੌਕੇ 'ਤੇ ਰਾਜਪੱਥ ਤੋਂ ਲੈ ਕੇ ਲਾਲ ਕਿਲ੍ਹੇ ਤੱਕ ਦੇ ਪਰੇਡ ਮਾਰਗ 'ਤੇ ਹਰ ਸਾਲ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੀ ਭੀੜ ਹੁੰਦੀ ਹੈ। ਇਸ 'ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਅਤੇ ਖਾਸ ਸਾਰੇ ਸ਼ਾਮਿਲ ਹੁੰਦੇ ਹਨ।

2. ਕੇਂਦਰ ਸਰਕਾਰ ਦੁਆਰਾ ਇਸ ਮੌਕੇ 'ਤੇ ਹਰ ਸਾਲ ਭਾਰਤ ਸਮੇਤ ਕਈ ਰਾਸ਼ਟਰਾਂ ਤੋਂ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਭਾਰੀ ਠੰਡ ਦੇ ਬਾਵਜੂਦ ਵੀ ਲੋਕ ਸਵੇਰੇ ਚਾਰ-ਪੰਜ ਵਜੇ ਤੋਂ ਹੀ ਪਰੇਡ ਦੇਖਣ ਲਈ ਪਹੁੰਚਣ ਲੱਗਦੇ ਹਨ।

3. ਸਾਲ 2015 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਭਾਰਤ ਦੇ ਗਣਤੰਤਰ ਦਿਵਸ ਦੀ ਪਰੇਡ ਦੇ ਸਮਰਥਕ ਬਣ ਚੁੱਕੇ ਹਨ। ਬਰਾਕ ਓਬਾਮਾ ਅਮਰੀਕਨ ਰਾਸ਼ਟਰਪਤੀ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੇ ਲੰਬੇ ਸਮੇਂ ਦੇ ਲਈ ਰਾਜਪੱਥ 'ਤੇ ਖੁੱਲੇ ਆਸਮਾਨ ਵਾਲੇ ਜਨਤਿਕ ਪ੍ਰੋਗਰਾਮ 'ਚ ਸ਼ਾਮਿਲ ਹੋਏ ਸੀ।

4. 26 ਜਨਵਰੀ 'ਤੇ ਗਣਤੰਤਰ ਦਿਵਸ ਪਰੇਡ ਦੀ ਸ਼ੁਰੂਆਤ 1950 'ਚ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣ ਦੇ ਨਾਲ ਹੋਈ ਸੀ। ਸਾਲ 1950 ਤੋਂ 1954 ਤੱਕ ਗਣਤੰਤਰ ਦਿਵਸ ਦੀ ਪਰੇਡ ਰਾਜਪੱਥ 'ਤੇ ਨਾ ਹੋ ਕੇ, ਚਾਰ ਵੱਖ-ਵੱਖ ਥਾਵਾਂ 'ਤੇ ਹੋਈ ਸੀ। 1950 ਤੋਂ 1954 ਤੱਕ ਗਣਤੰਤਰ ਦਿਵਸ ਪਰੇਡ ਦਾ ਆਯੋਜਨ ਕ੍ਰਮਵਾਰ ਇਰਵਿਨ ਸਟੇਡੀਅਮ (ਨੈਸ਼ਨਲ ਸਟੇਡੀਅਮ) , ਕਿੰਗਸਲੇ, ਲਾਲ ਕਿਲਾ ਅਤੇ ਰਾਮਲੀਲਾ ਮੈਦਾਨ 'ਚ ਹੋਇਆ ਸੀ।

5. 1955 ਤੋਂ ਗਣਤੰਤਰ ਦਿਵਸ ਪਰੇਡ ਦਾ ਆਯੋਜਨ ਰਾਜਪੱਥ 'ਤੇ ਸ਼ੁਰੂ ਕੀਤਾ ਗਿਆ, ਤਾਂ ਰਾਜਪੱਥ ਨੂੰ 'ਕਿੰਗਸਲੇ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਤੋਂ ਰਾਜਪੱਥ ਹੀ ਇਸ ਆਯੋਜਨ ਦੀ ਸਥਾਈ ਜਗ੍ਹਾਂ ਬਣ ਚੁੱਕਿਆ ਹੈ।

6. ਗਣਤੰਤਰ ਦਿਵਸ ਸਮਾਰੋਹ 'ਚ ਹਰ ਸਾਲ ਕਿਸੇ ਨਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਜਾਂ ਸ਼ਾਸਕ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸਰਕਾਰ ਦੁਆਰਾ ਸੱਦਿਆ ਜਾਂਦਾ ਹੈ। 26 ਜਨਵਰੀ 1950 ਨੂੰ ਪਹਿਲੇ ਗਣਤੰਤਰ ਦਿਵਸ ਸਮਾਰੋਹ 'ਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਡਾਂ. ਸੁਕਰਨੋ ਵਿਸ਼ੇਸ਼ ਮਹਿਮਾਨ ਬਣੇ ਸੀ। 

7. 26 ਜਨਵਰੀ 1955 'ਚ ਰਾਜਪੱਥ 'ਤੇ ਆਯੋਜਿਤ ਪਹਿਲੇ ਗਣਤੰਤਰ ਦਿਵਸ ਸਮਾਰੋਹ 'ਚ ਪਾਕਿਸਤਾਨ ਦੇ ਗਵਰਨਰ ਜਨਰਲ ਮਲਿਕ ਗੁਲਾਮ ਮੋਹੰਮਦ ਵਿਸ਼ੇਸ਼ ਮਹਿਮਾਨ ਬਣੇ ਸੀ।

8. ਗਣਤੰਤਰ ਦਿਵਸ ਸਮਾਰੋਹ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਆਗਮਨ ਦੇ ਨਾਲ ਹੁੰਦੀ ਹੈ। ਰਾਸ਼ਟਰਪਤੀ ਆਪਣੀ ਵਿਸ਼ੇਸ਼ ਕਾਰ 'ਚ, ਵਿਸ਼ੇਸ਼ ਘੋੜਸਵਾਰ ਅੰਗ-ਰੱਖਿਅਕਾਂ ਸਮੇਤ ਆਉਂਦੇ ਹਨ, ਜੋ ਰਾਸ਼ਟਰਪਤੀ ਦੇ ਕਾਫਲੇ 'ਚ ਕਾਰ ਦੇ ਚਾਰੇ ਪਾਸੇ ਚੱਲਦੇ ਹਨ।

9. ਰਾਸ਼ਟਰਪਤੀ ਦੁਆਰਾ ਝੰਡਾ ਲਹਿਰਾਉਣ ਦੇ ਸਮੇਂ ਉਨ੍ਹਾਂ ਦੇ ਇਹ ਵਿਸ਼ੇਸ਼ ਘੋੜਸਵਾਰ ਅੰਗ-ਰੱਖਿਅਕ ਸਮੇਤ ਉੱਥੇ ਮੌਜ਼ੂਦ ਸਾਰੇ ਲੋਕ ਸਾਵਧਾਨ ਦੀ ਮੁਦਰਾ 'ਚ ਖੜੇ ਹੋ ਕੇ ਤਿਰੰਗੇ ਨੂੰ ਸਲਾਮੀ ਦਿੰਦੇ ਹਨ ਅਤੇ ਇਸ ਦੇ ਨਾਲ ਰਾਸ਼ਟਰਗਾਣ ਦੀ ਸ਼ੁਰੂਆਤ ਹੁੰਦੀ ਹੈ।

10. ਰਾਸ਼ਟਰਗਾਣ ਦੇ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। 21 ਤੋਪਾਂ ਦੀ ਇਹ ਸਲਾਮੀ ਰਾਸ਼ਟਰਗਾਣ ਦੀ ਸ਼ੁਰੂਆਤ ਨਾਲ ਸ਼ੁਰੂ ਹੁੰਦੀ ਹੈ ਅਤੇ 52 ਸੈਕਿੰਡਾਂ ਦੇ ਰਾਸ਼ਟਰਗਾਣ ਦੇ ਖਤਮ ਹੋਣ ਨਾਲ ਪੂਰੀ ਹੋ ਜਾਂਦੀ ਹੈ।

11. 21 ਤੋਪਾਂ ਦੀਆਂ ਸਲਾਮੀ ਅਸਲੀਅਤ 'ਚ ਭਾਰਤੀ ਸੈਨਾ ਦੀਆਂ 7 ਤੋਪਾਂ ਦੁਆਰਾ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਪਾਊਂਡਰ ਕਿਹਾ ਜਾਂਦਾ ਹੈ। ਹਰ ਤੋਪ ਤੋਂ ਤਿੰਨ ਰਾਊਂਡ ਫਾਇਰਿੰਗ ਹੁੰਦੀ ਹੈ। ਇਹ ਤੋਪਾਂ 1941 'ਚ ਬਣੀਆ ਸਨ ਅਤੇ ਫੌਜ ਦੇ ਸਾਰੇ ਰਸਮੀ ਪ੍ਰੋਗਰਾਮਾਂ 'ਚ ਇਨ੍ਹਾਂ ਨੂੰ ਸ਼ਾਮਿਲ ਕਰਨ ਦੀ ਪਰੰਪਰਾ ਹੈ।

12. ਗਣਤੰਤਰ ਦਿਵਸ ਦੀ ਪਰੇਡ ਸਵੇਰੇ ਲਗਭਗ 9 ਵਜੇ ਝੰਡਾ ਲਹਿਰਾਉਣ ਤੋਂ ਬਾਅਦ ਹੁੰਦੀ ਹੈ ਪਰ ਪਰੇਡ 'ਚ ਸ਼ਾਮਿਲ ਸਾਰੇ ਫੌਜੀਆਂ, ਨੀਮ ਫੌਜੀ ਅਤੇ ਐੱਨ. ਸੀ. ਸੀ. ਅਤੇ ਸਕਾਊਟ ਵਰਗੇ ਵਿਸ਼ੇਸ਼ ਟੀਮਾਂ ਸਵੇਰੇ ਲਗਭਗ ਤਿੰਨ-ਚਾਰ ਵਜੇ ਹੀ ਰਾਜਪੱਥ 'ਤੇ ਪਹੁੰਚ ਜਾਂਦੀਆਂ ਹਨ।

13. ਇਸ ਪਰੇਡ 'ਚ ਸ਼ਾਮਿਲ ਸਾਰੀਆਂ ਟੀਮਾਂ ਲਗਭਗ 600 ਘੰਟੇ ਤੱਕ ਰਿਹਰਸਲ ਕਰ ਚੁੱਕੀਆਂ ਹੁੰਦੀਆਂ ਹਨ। 

14. ਦਸਬੰਰ ਮਹੀਨੇ ਤੱਕ ਪਰੇਡ 'ਚ ਸ਼ਾਮਿਲ ਸਾਰੀਆਂ ਟੀਮਾਂ ਸੰਯੁਕਤ ਪਰੇਡ ਦੀ ਰਿਹਰਸਲ ਕਰਨ ਲਈ ਦਿੱਲੀ ਪਹੁੰਚ ਜਾਂਦੇ ਹਨ।

15. ਪਰੇਡ 'ਚ ਸ਼ਕਤੀ ਪ੍ਰਦਰਸ਼ਨ ਕਰਨ ਲਈ ਸ਼ਾਮਿਲ ਟੈਂਕ ਹਥਿਆਰ, ਬਖਤਰਬੰਦ ਗੱਡੀਆਂ ਅਤੇ ਆਧੁਨਿਕ ਉਪਕਰਣਾਂ ਦੇ ਲਈ ਇੰਡੀਆ ਗੇਟ ਇਮਾਰਤ 'ਚ ਇਕ ਵਿਸ਼ੇਸ਼ ਕੈਂਪ ਬਣਾਇਆ ਜਾਂਦਾ ਹੈ। 

16. ਇਨ੍ਹਾਂ ਸਾਰਿਆਂ ਦੀ ਜਾਂਚ ਅਤੇ ਰੰਗ ਰੋਗਨ ਦਾ ਕੰਮ 10 ਪੜਾਅ 'ਚ ਪੂਰਾ ਕੀਤਾ ਜਾਂਦਾ ਹੈ।

17. 26 ਜਨਵਰੀ ਤੋਂ ਪਹਿਲਾਂ ਫੁੱਲ ਡਰੈੱਸ ਰਿਹਰਸਲ ਅਤੇ ਸਮਾਰੋਹ ਦੌਰਾਨ ਹੋਣ ਵਾਲੀ ਪਰੇਡ ਰਾਜਪੱਥ ਤੋਂ ਲਾਲ ਕਿਲੇ ਤੱਕ ਮਾਰਚ ਕਰਦੇ ਹੋਏ ਜਾਂਦੀ ਹੈ। ਰਿਹਾਸਲ ਦੇ ਦੌਰਾਨ ਪਰੇਡ 12 ਕਿ. ਮੀ ਦਾ ਸਫਰ ਤੈਅ ਕਰਦੀ ਹੈ ਪਰ ਗਣਤੰਤਰ ਦਿਵਸ ਦੀ ਪਰੇਡ ਦੇ ਦੌਰਾਨ 9 ਕਿ. ਮੀ ਦੀ ਦੂਰੀ ਤੈਅ ਕਰਦੀ ਹੈ।

18. ਸਭ ਤੋਂ ਵਧੀਆ ਪਰੇਡ ਦੀ ਟਰਾਫੀ ਦੇਣ ਦੇ ਲਈ ਪੂਰੇ ਰਸਤੇ 'ਚ ਕਈ ਥਾਵਾਂ 'ਤੇ ਜੱਜ ਬਿਠਾਏ ਜਾਂਦੇ ਹਨ ਅਤੇ ਹਰ ਟੀਮ ਨੂੰ 200 ਮਾਪਦੰਡਾਂ 'ਤੇ ਨੰਬਰ ਦਿੱਤੇ ਜਾਂਦੇ ਹਨ।

19. ਪਰੇਡ 'ਚ ਸ਼ਾਮਿਲ ਹਰ ਫੌਜੀ ਨੂੰ ਚਾਰ ਪੱਧਰ ਦੀ ਸੁਰੱਖਿਆ ਜਾਂਚ ਤੋਂ ਗੁਜ਼ਰਨਾ ਪੈਂਦਾ ਹੈ। ਉਨ੍ਹਾਂ ਦੇ ਹਥਿਆਰਾਂ ਦੀ ਵੀ ਕਈ ਪੜਾਆਂ 'ਚ ਡੂੰਘੀ ਜਾਂਚ ਕੀਤੀ ਜਾਂਦੀ ਹੈ।

20. ਪਰੇਡ 'ਚ ਭਾਗ ਲੈਣ ਵਾਲੇ ਫੌਜ ਦੇ ਜਵਾਨ ਭਾਰਤ 'ਚ ਬਣੀ ਇੰਸਾਸ (INSAS) ਰਾਈਫਲ ਲੈ ਕੇ ਚੱਲਦੇ ਹਨ। ਵਿਸ਼ੇਸ਼ ਸੁਰੱਖਿਆ ਬਲ ਦੇ ਜਵਾਨ ਇਜ਼ਰਾਇਲ 'ਚ ਬਣੀ ਤਵੋਰ (TAVOR) ਰਾਈਫਲ ਲੈ ਕੇ ਚੱਲਦੇ ਹਨ।

21. ਪਰੇਡ 'ਚ ਸ਼ਾਮਿਲ ਸਾਰੀਆਂ ਝਾਕੀਆਂ 5 ਕਿ. ਮੀ ਪ੍ਰਤੀ ਘੰਟੇ ਦੀ ਨਿਸ਼ਚਿਤ ਰਫਤਾਰ ਨਾਲ ਚੱਲਦੀਆਂ ਹਨ, ਤਾਂ ਕਿ ਉਨ੍ਹਾਂ 'ਚ ਨਿਸ਼ਚਿਤ ਦੂਰੀ ਬਣੀ ਰਹੇ ਅਤੇ ਲੋਕ ਆਸਾਨੀ ਨਾਲ ਦੇਖ ਸਕਣ। ਇਨ੍ਹਾਂ ਝਾਕੀਆਂ ਦੇ ਡਰਾਈਵਰ ਇਕ ਛੋਟੀ ਜਿਹੀ ਖਿੜਕੀ ਨਾਲ ਹੀ ਅੱਗੇ ਦਾ ਰਸਤਾ ਦੇਖਦੇ ਹਨ।

22. ਇਸ ਵਾਰ ਪਰੇਡ 'ਚ ਕੁੱਲ 22 ਝਾਕੀਆਂ ਸ਼ਾਮਿਲ ਹਨ। ਇਨ੍ਹਾਂ 'ਚ 16 ਝਾਕੀਆਂ ਸੂਬਿਆਂ ਵੱਲੋਂ ਅਤੇ 6 ਝਾਕੀਆਂ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਹੋਣਗੀਆਂ। ਹਰਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਰਾਜਸਥਾਨ ਆਦਿ ਸੂਬਿਆਂ ਦੀਆਂ ਝਾਕੀਆਂ ਇਸ ਵਾਰ ਪਰੇਡ 'ਚ ਨਹੀਂ ਹੋਣਗੀਆਂ। ਖਾਸ ਗੱਲ ਇਹ ਹੈ ਕਿ ਇਸ ਸਾਲ ਸਾਰੀਆਂ ਝਾਕੀਆਂ ਦੀ ਥੀਮ ਇਕ ਹੀ ਰਹੇਗੀ-ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ।

23. ਰਾਜਪੱਥ 'ਤੇ ਮਾਰਚ ਪਾਸਟ ਖਤਮ ਹੋਣ ਤੋਂ ਬਾਅਦ ਪਰੇਡ ਦਾ ਸਭ ਤੋਂ ਸ਼ਾਨਦਾਰ ਹਿੱਸਾ ਸ਼ੁਰੂ ਹੁੰਦਾ ਹੈ, ਜਿਸ 'ਫਲਾਈ ਪਾਸਟ' ਕਹਿੰਦੇ ਹਨ। ਇਸ ਦੀ ਜ਼ਿੰਮੇਵਾਰੀ ਹਵਾਈ ਸੈਨਾ ਦੀ ਪੱਛਮੀ ਕਮਾਂਡ ਦੇ ਕੋਲ ਹੁੰਦੀ ਹੈ।

24. 'ਫਲਾਈ ਫਾਸਟ' 'ਚ 41 ਫਾਈਟਰ ਪਲੇਨ ਅਤੇ ਹੈਲੀਕਾਪਟਰ ਸ਼ਾਮਿਲ ਹੁੰਦੇ ਹਨ, ਜੋ ਹਵਾਈ ਫੌਜ ਦੇ ਵੱਖ-ਵੱਖ ਕੇਂਦਰਾਂ ਤੋਂ ਉਡਾਣ ਭਰਦੇ ਹਨ। ਆਸਮਾਨ 'ਚ ਇਨ੍ਹਾਂ ਦੀ ਕਲਾਬਾਜ਼ੀ ਅਤੇ ਰੰਗ ਬਿਰੰਗੇ ਧੂੰਏ ਨਾਲ ਬਣਾਈਆਂ ਗਈਆਂ ਆਕ੍ਰਿਤੀਆਂ ਲੋਕਾਂ ਦੇ ਮਨ ਨੂੰ ਮੋਹ ਲੈਂਦੀਆਂ ਹਨ। 

25. ਭਾਰਤ ਸਰਕਾਰ ਨੇ ਸਾਲ 2001 'ਚ ਗਣਤੰਤਰ ਦਿਵਸ ਸਮਾਰੋਹ 'ਤੇ ਲਗਭਗ 145 ਕਰੋੜ ਰੁਪਏ ਖਰਚ ਕੀਤੇ ਸੀ। ਸਾਲ 2014 'ਚ ਇਹ ਖਰਚ ਵਧਾ ਕੇ 320 ਕਰੋੜ ਪਹੁੰਚ ਗਿਆ ਸੀ। 

26. ਗਣਤੰਤਰ ਦਿਵਸ ਸਮਾਰੋਹ ਦੇ ਆਯੋਜਨ ਦੀ ਜ਼ਿੰਮੇਵਾਰੀ ਰੱਖਿਆ ਮੰਤਾਰਲੇ ਦੀ ਹੁੰਦੀ ਹੈ। ਪਰੇਡ ਦੇ ਸੁਚਾਰੂ ਸੰਚਾਲਨ ਲਈ ਫੌਜ ਦੇ ਹਜ਼ਾਰਾਂ ਫੌਜੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਵੀ ਕਾਫੀ ਗਿਣਤੀ 'ਚ ਲੋਕ ਲਗਾਏ ਜਾਂਦੇ ਹਨ।

Iqbalkaur

This news is Content Editor Iqbalkaur