ਅਮਰੀਕਾ ਪੜ੍ਹਨ ਦੇ ਇਛੁੱਕ ਵਿਦਿਆਰਥੀ ਦਲਾਲਾਂ ਦੇ ਚੰਗੁਲ ਤੋਂ ਦੂਰ ਰਹਿਣ: ਅਮਰੀਕੀ ਦੂਤਘਰ

03/29/2018 5:28:27 PM

ਵਾਸ਼ਿੰਗਟਨ/ਨਵੀਂ ਦਿੱਲੀ(ਭਾਸ਼ਾ)— ਅਮਰੀਕੀ ਐਜੂਕੇਸ਼ਨ ਵੀਜ਼ਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਦੂਤਘਰ ਨੇ ਪ੍ਰਵੇਸ਼ ਦੇ ਇਛੁੱਕ ਵਿਦਿਆਰਥੀ-ਵਿਦਿਆਰਥਣਾਂ ਨੂੰ ਅੱਜ ਬੇਨਤੀ ਕੀਤੀ ਹੈ ਕਿ ਉਹ ਕਿਸੇ ਵੀ ਏਜੰਟ ਜਾਂ ਕੰਪਨੀ ਦੀਆਂ ਗੱਲਾਂ ਵਿਚ ਨਾ ਆਉਣ ਅਤੇ ਦੂਤਘਰ ਦੀਆਂ ਸਲਾਹ ਸੇਵਾਵਾਂ ਦਾ ਲਾਭ ਲੈ ਕੇ ਸਹੀ ਦਸਤਾਵੇਜ਼ਾਂ ਨਾਲ ਅਰਜ਼ੀ ਦੇਣ। ਅਮਰੀਕੀ ਦੂਤਘਰ ਦੇ ਫੇਸਬੁੱਕ ਪੇਜ਼ 'ਤੇ ਵੀ ਵਿਦਿਆਰਥੀਆਂ ਨੂੰ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕੀ ਦੂਤਘਰ ਦੇ ਵਣਜ ਦੂਤ ਜੋਰਜ ਐਚ ਹੋਗਮੈਨ ਅਤੇ ਧੋਖਾਧੜੀ ਰੋਕਥਾਮ ਪ੍ਰਬੰਧਕ ਐਲਿਜਾਬੇਥ ਲਾਰੇਂਸ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਵਿਚ ਸਿੱਖਿਆ ਅਤੇ ਸਿੱਖਿਅਕ ਸੰਸਥਾਨਾਂ ਵਿਚ ਪ੍ਰਵੇਸ਼ ਨੂੰ ਲੈ ਕੇ ਕਾਊਂਸਲ ਆਦਿ ਲਈ ਅਮਰੀਕੀ ਦੂਤਘਰ ਨੇ ਕਿਤੇ ਕੋਈ ਏਜੰਟ ਜਾਂ ਏਜੰਸੀ ਨੂੰ ਨਿਯੁਕਤ ਨਹੀਂ ਕੀਤਾ ਹੈ। ਹੋਗਮੈਨ ਨੇ ਕਿਹਾ ਭਾਰਤ ਅਤੇ ਅਮਰੀਕਾ ਦੇ ਦੋ-ਪੱਖੀ ਸਬੰਧਾਂ ਵਿਚ ਸਿੱਖਿਆ ਇਕ ਕੇਂਦਰੀ ਵਿਸ਼ਾ ਹੈ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਪਰਕ ਅਤੇ ਸਹਿਯੋਗ ਨੂੰ ਵਧਾਉਣ ਦੀ ਸਭ ਤੋਂ ਅਹਿਮ ਕੜੀ ਹੈ। ਅਮਰੀਕਾ ਇਸ ਸਬੰਧ ਨੂੰ ਮਜ਼ਬੂਤ ਕਰਨ ਦੇ ਪੱਖ ਵਿਚ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਇਸ ਸਮੇਂ ਭਾਰਤ ਦੇ ਇਕ ਲੱਖ 86 ਹਜ਼ਾਰ ਵਿਦਿਆਰਥੀ ਸਿੱਖਿਆ ਲੈ ਰਹੇ ਹਨ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਹੈ।
ਲਾਰੇਂਸ ਨੇ ਕਿਹਾ ਕਿ ਅਮਰੀਕਾ ਵਿਚ ਕਰੀਬ 4600 ਯੂਨੀਵਰਸਿਟੀਆਂ ਅਤੇ ਉਚ ਸਿੱਖਿਅਕ ਸੰਸਥਾਵਾਂ ਹਨ, ਜਿਨ੍ਹਾਂ ਵਿਚ ਦਾਖਲੇ ਲਈ ਵਿਦਿਆਰਥੀ ਅਰਜ਼ੀ ਦਿੰਦੇ ਹਨ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਕਈ ਵਾਰ ਬਾਹਰ ਦੇ ਲੋਕ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਵੀਜ਼ਾ ਗਾਰੰਟੀ ਨਾਲ ਦਿਵਾ ਦੇਣਗੇ ਪਰ ਉਹ ਬਾਅਦ ਵਿਚ ਫਰਜ਼ੀ ਦਸਤਾਵੇਜ਼ ਦਾਖਲ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਏਜੰਸੀਆਂ ਇਹ ਦਾਅਵਾ ਕਰਦੀਆਂ ਹਨ, ਉਹ ਸਭ ਪੈਸਿਆਂ ਲਈ ਅਜਿਹਾ ਕਰਦੀਆਂ ਹਨ। ਇਸ ਦੇ ਲਈ ਵਿਦਿਆਰਥੀਆਂ ਨੂੰ ਵੈਬਸਾਈਟ ਤੋਂ ਅਮਰੀਕੀ ਵਿਦੇਸ਼ ਵਿਭਾਗ ਦੇ ਪੋਰਟਲ ਤੋਂ ਮਦਦ ਮਿਲ ਸਕਦੀ ਹੈ। ਉਹ ਕਿਸੇ ਏਜੰਟ ਦੇ ਝਾਂਸੇ ਵਿਚ ਨਾ ਆਉਣ। ਇਕ ਸਵਾਲ ਦੇ ਜਵਾਬ ਵਿਚ ਲਾਰੇਂਸ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਦੇ ਬਿਨੈਕਾਰਾਂ ਵੱਲੋਂ ਸਿੱਖਿਅਕ ਯੋਗਤਾ ਅਤੇ ਵਿੱਤੀ ਸਥਿਤੀ ਨੂੰ ਲੈ ਕੇ ਫਰਜ਼ੀ ਦਸਤਾਵੇਜ਼ ਦਾਖਲ ਕੀਤੇ ਜਾਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ, ਹਾਲਾਂਕਿ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ। ਹੋਗਮੈਨ ਨੇ ਇਕ ਇੰਟਰਵਿਊ ਦੌਰਾਨ ਵਿਦਿਆਰਥੀਆਂ ਤੋਂ ਵੀਜ਼ਾ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਬਿਨਾਂ ਕਿਸੇ ਉਲਝਣ ਦੇ ਸਾਫ-ਸਾਫ ਦੇਣ ਦੀ ਉਮੀਦ ਕੀਤੀ ਜਾਂਦੀ ਹੈ, ਕਿਉਂਕਿ ਚਲਾਕੀ ਨਾਲ ਦਿੱਤੇ ਗਏ ਉਤਰ ਦਰਅਸਲ ਨੁਕਸਾਨ ਕਰਦੇ ਹਨ। ਯੂਨੀਵਰਸਿਟੀਆਂ ਜਾਂ ਸੰਸਥਾਵਾਂ ਵਿਚ ਪ੍ਰਵੇਸ਼ ਦੇ ਉਦੇਸ਼ ਅਤੇ ਟੀਚੇ ਦੇ ਬਾਰੇ ਵਿਚ ਸਪਸ਼ਟਤਾ ਹੋਣੀ ਚਾਹੀਦੀ ਹੈ ਨਾਲ ਕੋਈ ਦਸਤਾਵੇਜ਼ ਲਿਜਾਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਟਰਵਿਊ ਦੇ ਸਮੇਂ ਵਿਦਿਆਰਥੀ ਦਾ ਨਰਵਸ ਹੋਣਾ ਸੁਭਾਵਿਕ ਹੈ ਪਰ ਇਸ ਨਾਲ ਉਸ ਨੂੰ ਵੀਜ਼ਾ ਮਿਲਣ ਦੀ ਸੰਭਾਵਨਾ ਕਿਤੋਂ ਵੀ ਘੱਟ ਨਹੀਂ ਹੁੰਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਦੀ ਵੀਜ਼ਾ ਐਪਲੀਕੇਸ਼ਨ ਨੂੰ ਨਾਮਨਜ਼ੂਰ ਕਰ ਦਿੱਤਾ ਜਾਂਦਾ ਹੈ ਤਾਂ ਉਹ ਅੱਗੇ ਵੀ ਬੇਨਤੀ ਕਰ ਸਕਦਾ ਹੈ ਪਰ ਜੇਕਰ ਉਸ ਨੇ ਫਰਜ਼ੀ ਦਸਤਾਵੇਜ਼ ਦਾ ਪ੍ਰਯੋਗ ਕੀਤਾ ਤਾਂ ਨਾ ਸਿਰਫ ਵਿਦਿਆਰਥੀ ਵੀਜ਼ਾ ਸਗੋਂ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੇ ਵੀਜ਼ਾ 'ਤੇ ਪੂਰੀ ਉਮਰ ਰੋਕ ਲੱਗ ਸਕਦੀ ਹੈ। ਐਜੂਕੇਸ਼ਨ ਯੂ. ਐਸ. ਏ ਸਲਾਹਕਾਰ ਆਸਥਾ ਵਿਰਕ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਐਜੂਕੇਸ਼ਨ ਯੂ. ਐਸ. ਏ ਦੇ ਫੇਸਬੁੱਕ ਪੇਜ਼ ਜ਼ਰੀਏ ਜਾਂ ਫਿਰ ਦੇਸ਼ ਦੇ 7 ਸਥਾਨਾਂ 'ਤੇ ਉਨ੍ਹਾਂ ਦੇ ਕੇਂਦਰਾਂ ਵੱਲੋਂ ਸਲਾਹ ਸੇਵਾਵਾਂ ਉਪਲੱਬਧ ਕਰਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਦੇਸ਼ ਦੇ ਮੁਖ ਸਿੱਖਿਅਕ ਸੰਸਥਾਨਾਂ ਵਿਚ ਕੈਂਪ ਵੀ ਲਗਾਏ ਜਾਂਦੇ ਹਨ।