ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

02/17/2021 9:04:16 PM

ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦ ’ਤੇ ਭੀੜ ਘਟੀ, ਕਿਸਾਨ ਨੇਤਾਵਾਂ ਦਾ ਦਾਅਵਾ-ਅੰਦੋਲਨ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ
ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਹੁਣ 3 ਮਹੀਨੇ ਹੋਣ ਵਾਲੇ ਹਨ। ਅਜਿਹੇ ’ਚ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਮੁੱਖ ਥਾਂਵਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਭੀੜ ਹੁਣ ਘੱਟ ਹੁੰਦੀ ਵਿਖਾਈ ਦੇ ਰਹੀ ਹੈ, ਪਰ ਕਿਸਾਨ ਨੇਤਾ ਆਪਣੇ ਅੰਦੋਲਨ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ ਦੱਸ ਰਹੇ ਹਨ।

ਲਾਲ ਕਿਲ੍ਹਾ ਹਿੰਸਾ ਦਾ ਇਕ ਹੋਰ ਦੋਸ਼ੀ ਗ੍ਰਿਫ਼ਤਾਰ, ਪੁਲਸ ਨੇ 2 ਤਲਵਾਰਾਂ ਵੀ ਕੀਤੀਆਂ ਬਰਾਮਦ
26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਮਾਮਲੇ ਵਿਚ ਇਕ ਹੋਰ ਗਿ੍ਰਫ਼ਤਾਰੀ ਹੋਈ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮੋਸਟ ਵਾਂਟੇਡ ਦੋਸ਼ੀ ਮਨਿੰਦਰ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 2 ਤਲਵਾਰਾਂ ਵੀ ਬਰਾਮਦ ਹੋਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਸ ਨੇ ਇਸ ਹਿੰਸਾ ਦੇ ਸਬੰਧ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ।

ਭਲਕੇ 12 ਤੋਂ 4 ਵਜੇ ਤੱਕ ਦੇਸ਼ ਭਰ ’ਚ ਰੇਲਾਂ ਰੋਕਣਗੇ ਕਿਸਾਨ, ਜਾਣੋ ਕੀ ਬੋਲੇ ਰਾਕੇਸ਼ ਟਿਕੈਤ
ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਲਗਾਤਾਰ 84 ਦਿਨਾਂ ਤੋਂ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। 18 ਫਰਵਰੀ ਯਾਨੀ ਕਿ ਭਲਕੇ ਕਿਸਾਨ ਦੁਪਹਿਰ 12 ਤੋਂ 4 ਵਜੇ ਤੱਕ ਰੇਲਾਂ ਰੋਕਣਗੇ। ਦੇਸ਼ ਦੇ ਕਿਸਾਨ ਰੇਲਾਂ ਨੂੰ ਰੋਕ ਕੇ ਸਰਕਾਰ ਨੂੰ ਸਖ਼ਤ ਸੰਦੇਸ਼ ਦੇਣਗੇ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਵਿਆਪੀ ‘ਰੇਲ ਰੋਕੋ’ ਮੁਹਿੰਮ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਮੁਤਾਬਕ ਵੀਰਵਾਰ ਨੂੰ ਦੇਸ਼ ਭਰ ਵਿਚ ਹਜ਼ਾਰਾਂ ਕਿਸਾਨ ਰੇਲ ਦੀਆਂ ਪਟੜੀਆਂ ’ਤੇ ਬੈਠਣਗੇ। ਕਿਸਾਨਾਂ ਦੀ ਯੋਜਨਾ ਪੂਰੇ ਦੇਸ਼ ਦੇ ਰੇਲ ਨੈੱਟਵਰਕ ਨੂੰ 4 ਘੰਟਿਆਂ ਲਈ ਠੱਪ ਕਰਨ ਦੀ ਹੈ।

32 ਕਿਸਾਨ ਜਥੇਬੰਦੀਆਂ ਦਾ ਫੈਸਲਾ: ‘ਸਾਂਝੇ ਮੋਰਚੇ ਦੀ ਮਨਜ਼ੂਰੀ ਤੋਂ ਬਿਨਾਂ ਪੰਜਾਬ ’ਚ ਮਹਾਪੰਚਾਇਤ ਨਹੀਂ’
ਪੰਜਾਬ ਦੀਆਂ 32 ਜਥੇਬੰਦੀਆਂ ਨੇ ਮੰਗਲਵਾਰ ਯਾਨੀ ਕਿ ਕੱਲ੍ਹ ਅਹਿਮ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿਚ ਤੁਰੰਤ ਪ੍ਰਭਾਵ ਨਾਲ ਮਹਾਪੰਚਾਇਤਾਂ ਬੰਦ ਕਰ ਦੇਣ। ਇਨ੍ਹਾਂ ਦੀ ਇੱਥੇ ਫਿਲਹਾਲ ਕੋਈ ਲੋੜ ਨਹੀਂ। ਕਿਸਾਨ ਨੇਤਾਵਾਂ ਨੇ ਕਿਹਾ ਕਿ ਨੌਜਵਾਨ ਸੰਗਠਨ ਅਤੇ ਜਿਹੜੇ ਵੀ ਕਿਸਾਨ ਮਹਾਪੰਚਾਇਤ ਜਾਂ ਪਿੰਡ-ਪਿੰਡ ਵਿਚ ਪੰਚਾਇਤ ਕਰ ਰਹੇ ਹਨ, ਉਹ ਪੱਕੇ ਮੋਰਚਿਆਂ ਨੂੰ ਮਜ਼ਬੂਤੀ ਦੇਣ ਅਤੇ ਦਿੱਲੀ ਬਾਰਡਰ ’ਤੇ ਧਰਨੇ ਵਾਲੀ ਥਾਂ ’ਤੇ ਪਹੁੰਚਣ।

ਸਿੰਘੂ ਬਾਰਡਰ ’ਤੇ ਸ਼ਖ਼ਸ ਨੇ SHO ’ਤੇ ਕੀਤਾ ਜਾਨਲੇਵਾ ਹਮਲਾ, ਕਾਰ ਖੋਹਣ ਦੀ ਕੀਤੀ ਕੋਸ਼ਿਸ਼
ਦਿੱਲੀ ਦੇ ਸਿੰਘੂ ਬਾਰਡਰ ’ਤੇ ਇਕ ਸ਼ਖ਼ਸ ਨੇ ਦਿੱਲੀ ਪੁਲਸ ਦੇ ਐੱਸ. ਐੱਚ. ਓ. ’ਤੇ ਤੇਜ਼ਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਐੱਸ. ਐੱਚ. ਓ. ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਮੁਤਾਬਕ ਸ਼ਖ਼ਸ ਨੇ ਪੁਲਸ ਦੀ ਕਾਰ ਖੋਹ ਕੇ ਦੌੜਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਪੁਲਸ ਨੇ ਉਸ ਦਾ ਪਿੱਛਾ ਕੀਤਾ ਤਾਂ ਦੋਸ਼ੀ ਨੂੰ ਮੁਕਬਰਾ ਚੌਕ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ  ਐੱਸ. ਐੱਚ. ਓ. ’ਤੇ ਹਮਲਾ ਕਰਨ ਵਾਲੇ ਸ਼ਖ਼ਸ ਦਾ ਨਾਂ ਹਰਪ੍ਰੀਤ ਸਿੰਘ ਹੈ, ਜੋ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati