ਦਿੱਲੀ-ਐਨ.ਸੀ.ਆਰ 'ਚ ਸਵਾਈਨ ਫਲੂ ਦਾ ਖੌਫ, ਨੋਇਡਾ ਦੇ ਸਕੂਲਾਂ 'ਚ ਸਵੇਰ ਦੀ ਪ੍ਰਾਥਨਾ 'ਤੇ ਰੋਕ

08/19/2017 11:08:24 AM

ਨਵੀਂ ਦਿੱਲੀ—ਦਿੱਲੀ-ਐਨ.ਸੀ.ਆਰ. 'ਚ ਸਵਾਈਨ ਫਲੂ ਦੇ ਚਲਦੇ ਨੋਇਡਾ ਦੇ ਸਾਰੇ ਸਕੂਲਾਂ 'ਚ ਸਵੇਰੇ ਹੋਣ ਵਾਲੀ ਪ੍ਰਾਥਨਾ ਸਭਾ 'ਤੇ ਰੋਕ ਲਗਾ ਦਿੱਤੀ ਗਈ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਕੱਢੇ ਗਏ ਆਦੇਸ਼ 'ਚ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਵੇਰੇ ਹੋਣ ਵਾਲੀ ਪ੍ਰਾਥਨਾ ਸਭਾ ਨੂੰ ਕੁਝ ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਜਾਵੇ। ਇਸ ਆਦੇਸ਼ 'ਚ ਦੱਸਿਆ ਗਿਆ ਹੈ ਕਿ ਪ੍ਰਾਥਨਾ ਸਭਾ 'ਚ ਸਾਰੇ ਬੱਚੇ ਇਕ ਜਗ੍ਹਾ ਇਕੱਠੇ ਹੁੰਦੇ ਹਨ, ਇਸ ਸਮੇਂ 'ਚ ਸਵਾਈਨ ਫਲੂ ਨਾਲ ਪੀੜਤ ਵਿਦਿਆਰਥੀ/ਵਿਦਿਆਰਥਣਾਂ ਦੇ ਛਿੱਕਣ ਜਾਂ ਖੱਗਣ ਨਾਲ ਦੂਜੇ ਬੱਚਿਆਂ ਦੇ ਇਸ ਦੀ ਲਪੇਟ 'ਚ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਗੌਤਮਬੁੱਧਨਗਰ ਦੇ ਸੀ.ਐਮ.ਓ. ਅਨੁਰਾਗ ਭਾਰਗਵ ਦਾ ਕਹਿਣਾ ਹੈ ਕਿ ਨਾ ਸਿਰਫ ਸਵੇਰ ਦੀ ਪ੍ਰਾਥਨਾ ਦੇ ਸਮੇਂ ਸਵਾਈਨ ਫਲੂ ਦਾ ਖਤਰਾ ਸਕੂਲਾਂ 'ਚ ਸਭ ਤੋਂ ਵਧ ਰਹਿੰਦਾ ਹੈ, ਸਗੋਂ ਅੱਜਕੱਲ੍ਹ ਦੇ ਕਈ ਪ੍ਰਾਈਵੇਟ ਸਕੂਲਾਂ 'ਚ ਸੈਂਟਰਲਾਈਜਡ ਏ.ਸੀ. ਵੀ ਲੱਗੇ ਹਨ, ਇਸ ਸਮੇਂ 'ਚ ਸੈਂਟਰਲਾਈਜ਼ਡ ਏਅਰ ਕੰਡੀਸ਼ਨ ਨਾਲ ਵੀ ਸਵਾਈਨ ਫਲੂ ਦਾ ਖਤਰਾ ਬਣਿਆ ਹੋਇਆ ਹੈ, ਹਾਲਾਂਕਿ ਫਿਲਹਾਲ ਇਸ 'ਤੇ ਕੋਈ ਰੋਕ ਨਹੀਂ ਲਗਾਈ ਗਈ।
ਜ਼ਿਕਰਯੋਗ ਹੈ ਕਿ ਗੌਤਮਬੁੱਧ ਨਗਰ 'ਚ ਹੁਣ ਤੱਕ ਸਵਾਈਨ ਫਲੂ ਦੇ 52 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਵੀ ਹੋ ਚੁੱਕੀ ਹੈ। ਉੱਥੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਸਵਾਈਨ ਫਲੂ ਦੇ ਮਰੀਜ਼ਾਂ ਦੀ ਤਦਾਦ ਲਗਾਤਾਰ ਵਧਦੀ ਜਾ ਰਹੀ ਹੈ। ਇਹ ਹੀ ਕਾਰਨ ਹੈ ਕਿ ਨੋਇਜਾ ਪ੍ਰਸ਼ਾਸਨ ਸਵਾਈਨ ਫਲੂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਨੂੰ ਤਿਆਰ ਨਹੀਂ ਹੈ।