ਬਾਂਦਾ ਪਹੁੰਚੇ ਮੰਤਰੀ ਨੂੰ ਚੂਹੇ ਨੇ ਕੱਟਿਆ, ਤਬੀਅਤ ਵਿਗੜੀ

05/03/2022 10:46:07 AM

ਬਾਂਦਾ (ਵਾਰਤਾ)- ਦੋ ਦਿਨਾਂ ਦੌਰੇ ’ਤੇ ਬਾਂਦਾ ਪੁੱਜੇ ਉੱਤਰ ਪ੍ਰਦੇਸ਼ ਦੇ ਖੇਡ ਮੰਤਰੀ ਗਿਰੀਸ਼ ਚੰਦਰ ਯਾਦਵ ਨੂੰ ਐਤਵਾਰ ਰਾਤ ਸੌਂਦੇ ਸਮੇਂ ਚੂਹੇ ਨੇ ਕੱਟ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ, ਸੱਪ ਦੇ ਡੰਗਣ ਦਾ ਸ਼ੱਕ ਹੋਣ ਕਾਰਨ ਮੰਤਰੀ ਦੀ ਤਬੀਅਤ ਵਿਗੜਨ ਲੱਗੀ। ਬਾਅਦ ’ਚ ਚੂਹੇ ਦੇ ਕੱਟਣ ਦੀ ਪੁਸ਼ਟੀ ਹੋਣ ’ਤੇ ਮਲ੍ਹਮ-ਪੱਟੀ ਕਰ ਕੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ (ਸੀ. ਐੱਮ. ਐੱਸ.) ਡਾ. ਐੱਸ. ਐੱਨ. ਮਿਸ਼ਰਾ ਨੇ ਦੱਸਿਆ ਕਿ 2 ਦਿਨਾਂ ਦੌਰੇ ’ਤੇ ਬਾਂਦਾ ਆਏ ਖੇਡ ਮੰਤਰੀ ਗਿਰੀਸ਼ ਚੰਦਰ ਯਾਦਵ ਐਤਵਾਰ ਰਾਤ ਮਵਈ ਬਾਈਪਾਸ ਸਥਿਤ ਸਰਕਟ ਹਾਊਸ ਦੇ ਕਮਰਾ ਨੰਬਰ 6 ’ਚ ਰੁਕੇ ਸਨ। 
ਦੇਰ ਰਾਤ ਲਗਭਗ 3 ਵਜੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਕਿਸੇ ਜੀਵ ਨੇ ਉਨ੍ਹਾਂ ਦੇ ਸੱਜੇ ਹੱਥ ਦੀ ਉਂਗਲ ’ਤੇ ਕੱਟ ਲਿਆ ਹੈ। ਡਾ. ਮਿਸ਼ਰਾ ਮੁਤਾਬਕ, ਆਸ-ਪਾਸ ਜੰਗਲ ਹੋਣ ਕਾਰਨ ਮੰਤਰੀ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਨੂੰ ਸੱਪ ਨੇ ਡੰਗ ਮਾਰ ਦਿੱਤਾ ਹੈ ਅਤੇ ਇਸ ਬੇਚੈਨੀ ’ਚ ਉਨ੍ਹਾਂ ਦੀ ਤਬੀਅਤ ਵਿਗੜਨ ਲੱਗੀ। ਮਿਸ਼ਰਾ ਨੇ ਦੱਸਿਆ ਕਿ ਮੰਤਰੀ ਨੂੰ ਤੁਰੰਤ ਹਸਪਤਾਲ ’ਚ ਭਰਤੀ ਕਰਾਇਆ ਗਿਆ, ਜਿੱਥੇ ਜਾਂਚ ’ਚ ਪਤਾ ਲੱਗਾ ਕਿ ਉਨ੍ਹਾਂ ਨੂੰ ਸੱਪ ਨੇ ਨਹੀਂ, ਸਗੋਂ ਚੂਹੇ ਜਾਂ ਛਛੂੰਦਰ ਨੇ ਕੱਟਿਆ ਹੈ।

DIsha

This news is Content Editor DIsha