ਭੀੜ ਨੇ ਬਲਾਤਕਾਰ ਦੋਸ਼ੀਆਂ ਦੀ ਕੁੱਟਮਾਰ ਕਰਕੇ ਸੜਕ ਵਿਚਕਾਰ ਜ਼ਿੰਦਾ ਸਾੜਿਆ

02/20/2018 11:38:09 AM

ਈਟਾਨਗਰ — ਅਰੁਣਾਚਲ ਪ੍ਰਦੇਸ਼ 'ਚ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਦੀ ਦਰਦਨਾਕ ਹੱਤਿਆ ਕਰਨ ਦੇ ਦੋਸ਼ੀਆਂ ਨੂੰ ਉਥੋਂ ਦੀ ਜਨਤਾ ਨੇ ਹੀ ਸ਼ਰੇਆਮ ਸਜ਼ਾ ਦੇ ਦਿੱਤੀ। ਬਲਾਤਕਾਰ ਦੇ ਦੋਸ਼ੀ ਸੰਜੇ ਸਬਰ(30) ਅਤੇ ਜਗਦੀਸ਼ ਲੋਹਾਰ(25) ਨੂੰ ਭੀੜ ਨੇ ਪਹਿਲਾਂ ਪੁਲਸ ਥਾਣੇ 'ਚੋਂ ਬਾਹਰ ਕੱਢ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਦੋਵਾਂ ਨੂੰ ਸੜਕ ਦੇ ਵਿਚਕਾਰ ਜ਼ਿੰਦਾ ਸਾੜ ਦਿੱਤਾ। ਮਾਮਲੇ 'ਚ ਆਈ.ਜੀ. ਨਵੀਨ ਪਾਯੇਂਗ ਨੇ ਦੱਸਿਆ ਕਿ 12 ਫਰਵਰੀ ਨੂੰ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸਦੀ ਦਰਦਨਾਕ ਹੱਤਿਆ ਕਰ ਦਿੱਤੀ ਗਈ। ਬੱਚੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ ਸੀ। ਇਥੋਂ ਤੱਕ ਕਿ ਬੱਚੀ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ। ਬੱਚੀ ਦੀ ਲਾਸ਼ ਉਸੇ ਚਾਹ ਦੇ ਬਾਗ ਵਿਚੋਂ ਮਿਲੀ ਜਿਥੇ ਦੋਵੇਂ ਦੋਸ਼ੀ ਕੰਮ ਕਰਦੇ ਸਨ। ਬੱਚੀ ਦੀ ਹੱਤਿਆ ਕਰਨ ਤੋਂ ਹੀ ਬਾਅਦ ਦੋਵੇਂ ਦੋਸ਼ੀ ਫਰਾਰ ਸਨ।


ਪੁਲਸ ਨੇ ਦੋਵਾਂ ਨੂੰ ਕਾਬੂ ਲਈ ਇਕ ਟੀਮ ਦਾ ਗਠਨ ਕੀਤਾ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਅਸਮ 'ਚੋਂ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਪੁਲਸ ਹਿਰਾਸਤ 'ਚ ਆਪਣਾ ਦੋਸ਼ ਕਬੂਲ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੋਸ਼ੀਆਂ ਨੂੰ ਕੋਰਟ ਨੇ ਨਿਆਇਕ ਹਿਰਾਸਤ 'ਤੇ ਭੇਜ ਦਿੱਤਾ ਸੀ। ਸੰਜੇ ਅਤੇ ਜਗਦੀਸ਼ ਨੂੰ ਨਿਆਇਕ ਹਿਰਾਸਤ 'ਤੇ ਰੱਖਿਆ ਹੋਇਆ ਸੀ। ਜਿਸ ਸਮੇਂ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਦੋਵੇਂ ਦੋਸ਼ੀ ਥਾਣੇ 'ਚ ਹਨ ਤਾਂ ਭੀੜ ਇਕੱਠੀ ਹੋ ਗਈ। ਪਹਿਲਾਂ ਤਾਂ ਭੀੜ ਨੇ ਥਾਣੇ 'ਚ ਭੰਨ-ਤੋੜ ਕੀਤੀ। ਫਿਰ ਜੇਲ 'ਚੋਂ ਕੱਢ ਕੇ ਦੋਵਾਂ ਦੋਸ਼ੀਆਂ ਨੂੰ ਚੌਂਕ 'ਚ ਲਿਜਾ ਕੇ ਕੁੱਟਮਾਰ ਕਰਨ ਤੋਂ ਬਾਅਦ ਜ਼ਿੰਦਾ ਸਾੜ ਦਿੱਤਾ। ਇਸ ਘਟਨਾ 'ਤੇ ਮੁੱਖ ਮੰਤਰੀ ਪੇਮਾ ਖਾਂਡੁ ਨੇ ਕਿਹਾ ਕਿ ਇਹ 'ਬਦਕਿਸਮਤੀ' ਹੈ, ਭੀੜ ਨੂੰ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਦੀ ਇਹ ਘਟਨਾ  'ਬੇਰਹਿਮ ਅਤੇ ਅਣਮਨੁੱਖੀ' ਹੈ।