ਰਾਮ ਮੰਦਰ ਦਾ ਬਣਨਾ ਬਹੁਤ ਜ਼ਰੂਰੀ : ਮੋਹਨ ਭਾਗਵਤ

04/25/2018 12:13:43 PM

ਛਿੰਦਵਾੜਾ— ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰ ਸੰਚਾਲਕ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਜੀਵਨ ਨੂੰ ਕਿਵੇਂ ਜਿਊਣਾ ਹੈ, ਪਿਤਰ ਵਚਨ ਨੂੰ ਕਿਵੇਂ ਨਿਭਾਉਣਾ ਹੈ, ਇਹ 8000 ਸਾਲਾਂ ਤੋਂ ਸਾਡੇ ਪੂਰਵਜਾਂ ਨੇ ਸ੍ਰੀ ਰਾਮ ਚੰਦਰ ਜੀ ਤੋਂ ਹੀ ਸਿੱਖਿਆ ਹੈ। ਇਸ ਲਈ ਰਾਮ ਮੰਦਰ ਦਾ ਬਣਨਾ ਬਹੁਤ ਜ਼ਰੂਰੀ ਹੈ। ਭਾਗਵਤ ਨੇ ਇਹ ਗੱਲ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਵਿਚ ਸਿਹੋਰਾ ਪਿੰਡ ਦੇ ਕੋਲ ਆਯੋਜਿਤ ਇਕ ਧਾਰਮਕ ਸਥਾਨ ਦੇ ਭੂਮੀ-ਪੂਜਨ ਸਮਾਰੋਹ ਦੇ ਬਾਅਦ ਜਨਤਾ ਨੂੰ ਸੰਬੋਧਨ ਕਰਦਿਆਂ ਕਹੀ। 
ਉਨ੍ਹਾਂ ਨੇ ਗਊ ਹੱਤਿਆ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸ੍ਰਿਸ਼ਟੀ ਦੀ ਪਾਲਣਾ ਲਈ ਗਊ ਦੀ ਸਭ ਤੋਂ ਵੱਧ ਮਹੱਤਤਾ ਹੈ ਪਰ ਅਸੀਂ ਉਸ ਦੀ ਅਣਗਹਿਲੀ ਕਰਦੇ ਹਾਂ। ਪੂਰੇ ਵਿਸ਼ਵ ਵਿਚ ਭਾਰਤੀ ਗਾਂ ਹੀ ਸਰਵਸ੍ਰੇਸ਼ਠ ਮੰਨੀ ਗਈ ਹੈ ਪਰ ਉਸ ਨੂੰ ਕਸਾਈ ਤਕ ਪਹੁੰਚਾਉਣ ਲਈ ਅਸੀਂ ਹੀ ਜ਼ਿੰਮੇਵਾਰ ਹਾਂ। ਵਿਚਾਰ ਅਤੇ ਯਤਨ ਹੋਣਾ ਚਾਹੀਦਾ ਹੈ ਕਿ ਗਊ ਰੱਖਿਆ ਕੀਤੀ ਜਾਏ। 
ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਦੇਸ਼ ਵਿਚ ਸਿੱਖਿਆ ਦੀ ਮੁੜ ਰਚਨਾ 'ਤੇ ਚਰਚਾ ਚੱਲ ਰਹੀ ਹੈ। ਭਾਗਵਤ ਪ੍ਰੋਗਰਾਮ ਤੋਂ ਬਾਅਦ ਉਹ ਇਥੋਂ ਨਾਗਪੁਰ ਰਵਾਨਾ ਹੋ ਗਏ।