ਰਾਜ ਸਭਾ 'ਚ ਬਜਟ ਸੈਸ਼ਨ ਦਾ ਪਹਿਲਾ ਪੜਾਅ ਸੰਪੰਨ, ਸਦਨ ਦੀ ਕਾਰਵਾਈ 13 ਮਾਰਚ ਤੱਕ ਮੁਲਤਵੀ

02/13/2023 12:46:58 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਮੈਂਬਰ ਰਜਨੀ ਪਾਟਿਲ ਦੀ ਮੁਅੱਤਲੀ ਵਾਪਸ ਲੈਣ, ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਸਮੇਤ ਕੁਝ ਵਿਰੋਧੀ ਮੈਂਬਰਾਂ ਦੇ ਭਾਸ਼ਣਾਂ ਦੇ ਅੰਸ਼ਾਂ ਨੂੰ ਸਦਨ ਦੀ ਕਾਰਵਾਈ ਤੋਂ ਹਟਾਉਣ ਅਤੇ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ 13 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ। ਬਜਟ ਸੈਸ਼ਨ ਦਾ ਦੂਜਾ ਪੜਾਅ 13 ਮਾਰਚ ਤੋਂ ਸ਼ੁਰੂ ਹੋਵੇਗਾ। ਇਕ ਵਾਰ ਦੀ ਮੁਲਤਵੀ ਤੋਂ ਬਾਅਦ 11.50 ਵਜੇ ਬੈਠਕ ਸ਼ੁਰੂ ਹੋਣ 'ਤੇ ਵੀ ਸਦਨ 'ਚ ਹੰਗਾਮਾ ਜਾਰੀ ਰਿਹਾ ਅਤੇ ਸੱਤਾ ਪੱਖ ਨੇ ਇਕ ਵਾਰ ਫਿਰ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਗਠਿਤ ਕਰਨ ਅਤੇ ਰਜਨੀ ਪਾਟਿਲ ਦੀ ਮੁਲਤਵੀ ਵਾਪਸ ਲੈਣ ਦੀ ਮੰਗ ਕੀਤੀ। ਇਸ ਮੁੱਦੇ 'ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਦਰਮਿਆਨ ਹੀ ਸਪੀਕਰ ਜਗਦੀਪ ਧਨਖੜ ਨੇ ਪਹਿਲੇ ਜ਼ੀਰੋ ਕਾਲ ਅਤੇ ਫਿਰ ਪ੍ਰਸ਼ਨਕਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਜੇ.ਪੀ.ਸੀ. ਦੀ ਮੰਗ ਕਰ ਰਹੇ ਵਿਰੋਧੀ ਮੈਂਬਰ ਤੋਂ ਸਦਨ ਚੱਲਣ ਦੇਣ ਦੀ ਵਾਰ-ਵਾਰ ਅਪੀਲ ਕੀਤ ਪਰ ਆਪਣੀ ਅਪੀਲ ਦਾ ਅਸਰ ਨਹੀਂ ਹੁੰਦੇ ਦੇਖ ਉਨ੍ਹਾਂ ਨੇ 12.05 ਵਜੇ ਬੈਠਕ 13 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ।

ਦੱਸਣਯੋਗ ਹੈ ਕਿ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦਾ ਅੱਜ ਆਖ਼ਰੀ ਦਿਨ ਸੀ। ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ 13 ਮਾਰਚ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਧਨਖੜ ਨੇ ਜ਼ਰੂਰੀ ਦਸਤਾਵੇਜ਼ ਸਦਨ ਦੇ ਮੇਜ਼ 'ਤੇ ਰੱਖਵਾਏ ਅਤੇ ਉਸ ਤੋਂ ਬਾਅਦ ਨਿਯਮ 267 ਦੇ ਅਧੀਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੰਦੋਸ਼ ਕੁਮਾਰ ਦੇ ਨੋਟਿਸ ਮਿਲੇ ਹਨ ਪਰ ਦੋਵੇਂ ਹੀ ਨੋਟਿਸ ਨਿਯਮਾਂ ਦੇ ਅਨੁਰੂਪ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਸਵੀਕਾਰ ਕੀਤਾ ਜਾਂਦਾ ਹੈ। ਸਪੀਕਰ ਨੇ ਇਸ ਗੱਲ 'ਤੇ ਵੀ ਇਤਰਾਜ਼ ਜਤਾਇਆ ਕਿ ਸੰਜੇ ਸਿੰਘ ਨੇ ਸਦਨ 'ਚ ਹੁਣ ਤੱਕ 7 ਨੋਟਿਸ ਦਿੱਤੇ ਹਨ ਅਤੇ ਸਾਰਿਆਂ ਦੇ ਵਿਸ਼ੇ ਵਸਤੂ ਇਕੋ ਜਿਹੀ ਹੈ, ਬੱਸ ਉਨ੍ਹਾਂ ਦੀ ਤਾਰੀਖ਼ ਬਦਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੋਟਿਸ ਬਾਰੇ ਵਾਰ-ਵਾਰ ਮੈਂਬਰਾਂ ਨੂੰ ਅਪੀਲ ਕੀਤੇ ਜਾਣ ਦੇ ਬਾਵਜੂਦ ਉਹ ਗਲਤੀਆਂ ਨੂੰ ਦੋਹਰਾ ਰਹੇ ਹਨ। ਇਸ ਤੋਂ ਬਾਅਦ ਵਿਰੋਧੀ ਮੈਂਬਰ ਆਪਣੇ ਸਥਾਨਾਂ ਤੋਂ ਨਾਅਰੇਬਾਜ਼ੀ ਕਰਨ ਲੱਗੇ। ਵਿਰੋਧੀ ਮੈਂਬਰਾਂ ਦੀ ਮੰਗ 'ਤੇ ਸਪੀਕਰ ਨੇ ਖੜਗੇ ਨੂੰ ਬੋਲਣ ਦਾ ਮੌਕਾ ਦਿੱਤਾ। ਖੜਗੇ ਨੇ ਆਪਣੇ ਭਾਸ਼ਣਾਂ ਦੇ ਅੰਸ਼ਾਂ ਨੂੰ ਹਟਾਉਣ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ 'ਚ ਅਜਿਹਾ ਕੁਝ ਵੀ ਅਸੰਸਦੀ ਨਹੀਂ ਸੀ, ਜਿਸ ਨੂੰ ਹਟਾਇਆ ਜਾਵੇ। ਖੜਗੇ ਨੇ ਰਜਨੀ ਪਾਟਿਲ ਦੀ ਮੁਅੱਤਲੀ ਦਾ ਵੀ ਮੁੱਦਾ ਚੁੱਕਿਆ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਪੀਕਰ ਨੇ ਕਿਹਾ ਕਿ ਨਿਯਮਾਂ ਦੇ ਅਧੀਨ ਪਾਟਿਲ 'ਤੇ ਕਾਰਵਾਈ ਕੀਤੀ ਗਈ ਹੈ। ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਦੇ ਨਾਂ ਵੀ ਲਏ ਅਤੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਪਰ ਵਿਰੋਧੀ ਧਿਰ ਦੇ ਮੈਂਬਰ ਕੁਰਸੀ ਨੇੜੇ ਆ ਕੇ ਨਾਅਰੇਜ਼ਾਬੀ ਕਰਦੇ ਰਹੇ। 

DIsha

This news is Content Editor DIsha