ਰਾਜ ਸਭਾ ਦੀਆਂ 55 ਸੀਟਾਂ 'ਤੇ 26 ਮਾਰਚ ਨੂੰ ਹੋਣਗੀਆਂ ਚੋਣਾਂ

02/25/2020 10:27:38 AM

ਨਵੀਂ ਦਿੱਲੀ— ਰਾਜ ਸਭਾ ਦੀਆਂ ਅਪ੍ਰੈਲ 'ਚ ਖਾਲੀ ਹੋ ਰਹੀਆਂ 55 ਸੀਟਾਂ ਲਈ 26 ਮਾਰਚ ਨੂੰ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਕਮਿਸ਼ਨ ਨੇ ਕਿਹਾ ਕਿ ਰਾਜ ਸਭਾ 'ਚ 17 ਸੂਬਿਆਂ ਦੀਆਂ ਇਹ ਸੀਟਾਂ ਅਪ੍ਰੈਲ 'ਚ ਖਾਲੀ ਹੋ ਰਹੀਆਂ ਹਨ। 55 ਸੀਟਾਂ 'ਚ ਜ਼ਿਆਦਾਤਰ 7 ਮਹਾਰਾਸ਼ਟਰ, 6 ਤਾਮਿਲਨਾਡੂ, 5-5 ਸੀਟਾਂ ਪੱਛਮੀ ਬੰਗਾਲ ਅਤੇ ਬਿਹਾਰ ਤੋਂ, 4-4 ਸੀਟਾਂ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਤੋਂ ਤਿੰਨ-ਤਿੰਨ ਸੀਟਾਂ ਰਾਜਸਥਾਨ, ਓਡੀਸ਼ਾ ਅਤੇ ਮੱਧ ਪ੍ਰਦੇਸ਼ ਤੋਂ ਸ਼ਾਮਲ ਹਨ।

ਰਾਜ ਸਭਾ ਤੋਂ ਇਸ ਸਾਲ ਜਿਨ੍ਹਾਂ ਮੁੱਖ ਨੇਤਾਵਾਂ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ, ਉਨ੍ਹਾਂ 'ਚੋਂ ਕੇਂਦਰੀ ਮੰਤਰੀ ਹਰਦੀਪ ਪੁਰੀ, ਰਾਮਦਾਸ ਆਠਵਲੇ, ਦਿੱਲੀ ਭਾਜਪਾ ਨੇਤਾ ਵਿਜੇ ਗੋਇਲ, ਕਾਂਗਰਸ ਦੇ ਦਿਗਵਿਜੇ ਸਿੰਘ ਅਤੇ ਐੱਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ 2018 ਅਤੇ 2019 'ਚ ਭਾਜਪਾ ਨੂੰ ਕੁਝ ਸੂਬਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਸਿੱਧਾ ਅਸਰ ਰਾਜ ਸਭਾ ਦੇ 2 ਸਾਲਾ ਚੋਣ ਨਤੀਜੇ 'ਤੇ ਪੈਣਾ ਸੁਭਾਵਿਕ ਹੀ ਹੈ। ਦੂਜੇ ਪਾਸੇ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲਾਂ ਦੀ ਸਥਿਤੀ 245 ਮੈਂਬਰੀ ਰਾਜ ਸਭਾ 'ਚ ਸੁਧਰੇਗੀ।

ਇਸ ਸਮੇਂ ਭਾਜਪਾ ਦੇ ਰਾਜ ਸਭਾ 'ਚ 83 ਅਤੇ ਕਾਂਗਰਸ ਦੇ 45 ਮੈਂਬਰ ਹਨ। ਸਮੀਕਰਨ ਦੇ ਹਿਸਾਬ ਨਾਲ ਰਾਜ ਸਭਾ 'ਚ ਭਾਜਪਾ ਦੀ ਗਿਣਤੀ 83 ਦੇ ਨੇੜੇ-ਤੇੜੇ ਬਣੀ ਰਹੇਗੀ ਅਤੇ ਸਦਨ 'ਚ ਬਹੁਮਤ ਦੀ ਉਸ ਦੀ ਆਸ ਫਿਲਹਾਲ ਪੂਰੀ ਨਹੀਂ ਹੋ ਸਕੇਗੀ। ਜਦੋਂ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਮਹਾਰਾਸ਼ਟਰ ਦੀ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਨੂੰ ਰਾਜ ਸਭਾ 'ਚ ਆਪਣੀਆਂ ਕੁਝ ਸੀਟਾਂ ਵਧਾਉਣ ਦਾ ਮੌਕਾ ਮਿਲੇਗਾ।

DIsha

This news is Content Editor DIsha