ਰਾਜ ਸਭਾ ’ਚ ਬੋਲੇ ਰਾਜਨਾਥ ਸਿੰਘ- ‘ਪੈਂਗੋਂਗ ਝੀਲ’ ਨੂੰ ਲੈ ਕੇ ਚੀਨ ਨਾਲ ਹੋਇਆ ਸਮਝੌਤਾ

02/11/2021 11:48:08 AM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਰਾਜ ਸਭਾ ’ਚ ਭਾਰਤ-ਚੀਨ ਸਰਹੱਦ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਆਪਣੇ ਸੰਬੋਧਨ ’ਚ ਰਾਜਨਾਥ ਨੇ ਕਿਹਾ ਕਿ ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸ਼ਾਂਤੀਪੂਰਨ ਸਥਿਤੀ ਬਣਾ ਕੇ ਰੱਖਣ ਲਈ ਵਚਨਬੱਧ ਹਾਂ। ਭਾਰਤ ਨੇ ਹਮੇਸ਼ਾ ਦੁਵੱਲੇ ਸਬੰਧਾਂ ਨੂੰ ਬਣਾ ਕੇ ਰੱਖਣ ’ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਆਪਣੀ ਇਕ ਇੰਚ ਥਾਂ ਵੀ ਕਿਸੇ ਨੂੰ ਨਹੀਂ ਲੈਣ ਦੇਵਾਂਗੇ। ਸੰਸਦ ’ਚ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਭਾਰਤ-ਚੀਨ ਵਿਚਾਲੇ ਪੂਰਬੀ ਲੱਦਾਖ ਦੇ ਪੈਂਗੋਂਗ ਝੀਲ ਕੋਲ ਵਿਵਾਦ ’ਤੇ ਸਮਝੌਤਾ ਹੋ ਗਿਆ ਹੈ। ਦੋਹਾਂ ਹੀ ਦੇਸ਼ਾਂ ਦੀ ਫ਼ੌਜ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਉਣਗੀਆਂ। ਚੀਨ ਨਾਲ ਤਣਾਅ ’ਤੇ ਰਾਜਨਾਥ ਸਿੰਘ ਨੇ ਕਿਹਾ ਕਿ ਦੋਹਾਂ ਪੱਖਾਂ ਵਿਚ ਫ਼ੌਜੀ ਅਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਜਾਰੀ ਹੈ।

ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਹਿੱਸੇ ਤੋਂ ਫ਼ੌਜ ਦੀ ਵਾਪਸੀ ’ਤੇ ਸਹਿਮਤੀ ਬਣੀ ਹੈ। ਇਸ ਸਮਝੌਤੇ ਦੇ ਮੁਤਾਬਕ 48 ਘੰਟਿਆਂ ਦੇ ਅੰਦਰ ਫ਼ੌਜ ਪਿਛੇ ਹਟੇਗੀ। ਸਮਝੌਤੇ ਦੇ 48 ਘੰਟਿਆਂ ਦੇ ਅੰਦਰ ਦੋਹਾਂ ਦੇਸ਼ਾਂ ਦੇ ਕਮਾਂਡਰ ਮਿਲਣਗੇ ਅਤੇ ਅੱਗੇ ਦੀ ਕਾਰਵਾਈ ’ਤੇ ਚਰਚਾ ਹੋਵੇ। ਫ਼ੌਜ ਵਾਪਸੀ ਦੀ ਪ੍ਰਕਿਰਿਆ ਮਗਰੋਂ ਬਾਕੀ ਮੁੱਦਿਆਂ ਦੇ ਹੱਲ ਲਈ ਗੱਲਬਾਤ ਚੱਲ ਰਹੀ ਹੈ। ਪੈਂਗੋਂਗ ਝੀਲ ਨੂੰ ਲੈ ਕੇ ਹੋਏ ਸਮਝੌਤੇ ਮੁਤਾਬਕ ਚੀਨ ਦੀ ਫ਼ੌਜ ਫਿੰਗਰ-8 ’ਤੇ ਰਹੇਗੀ। ਇਸੇ ਤਰ੍ਹਾਂ ਭਾਰਤ ਵੀ ਆਪਣੀ ਫ਼ੌਜ ਨੂੰ ਫਿੰਗਰ-3 ਕੋਲ ਆਪਣੇ ਸਥਾਈ ਆਧਾਰ ’ਤੇ ਰੱਖੇਗਾ।

ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ-ਚੀਨ ਨੇ ਦੋਹਾਂ ਨੇ ਤੈਅ ਕੀਤਾ ਹੈ ਕਿ ਅਪ੍ਰੈਲ 2020 ਤੋਂ ਪਹਿਲੀ ਦੀ ਸਥਿਤੀ ਲਾਗੂ ਕੀਤੀ ਜਾਵੇਗੀ। ਜੋ ਨਿਰਮਾਣ ਹੁਣ ਤੱਕ ਕੀਤਾ ਗਿਆ ਹੈ, ਉਸ ਨੂੰ ਹਟਾ ਦਿੱਤਾ ਜਾਵੇਗਾ। ਮੈਂ ਆਸਵੰਦ ਹਾਂ ਕਿ ਪੂਰਾ ਸਦਨ, ਚਾਹੇ ਕੋਈ ਕਿਸੇ ਵੀ ਦਲ ਦਾ ਕਿਉਂ ਨਾ ਹੋਵੇ, ਦੇਸ਼ ਦੀ ਸੰਪ੍ਰਭੂਤਾ, ਏਕਤਾ, ਅਖੰਡਤਾ ਅਤੇ ਸੁਰੱਖਿਆ ਦੇ ਪ੍ਰਸ਼ਨ ’ਤੇ ਇਕਜੁੱਟ ਖੜ੍ਹਾ ਹੈ ਅਤੇ ਇਕ ਸੁਰ ਤੋਂ ਸਮਰਥਨ ਕਰਦਾ ਹੈ ਕਿ ਇਹ ਸੰਦੇਸ਼ ਸਿਰਫ਼ ਭਾਰਤ ਦੀ ਸਰਹੱਦ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਪੂਰੀ ਦੁਨੀਆ ਨੂੰ ਜਾਵੇਗਾ।

ਸਤੰਬਰ ਤੋਂ ਹੀ ਭਾਰਤ-ਚੀਨ ਵਿਚਾਲੇ ਗੱਲਬਾਤ ਹੋਈ—
ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਚੀਨ ਵਲੋਂ ਪਿਛਲੇ ਸਾਲ ਭਾਰੀ ਗਿਣਤੀ ਵਿਚ ਗੋਲਾ-ਬਾਰੂਦ ਇਕੱਠਾ ਕੀਤਾ ਗਿਆ ਸੀ। ਚੀਨ ਵਲੋਂ ਐੱਲ. ਏ. ਸੀ. ’ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਸਾਡੀ ਭਾਰਤੀ ਫ਼ੌਜ ਨੇ ਚੀਨ ਖ਼ਿਲਾਫ਼ ਉੱਚਿਤ ਜਵਾਬੀ ਕਾਰਵਾਈ ਕੀਤੀ ਸੀ। ਦੇਸ਼ ਦੀ ਰੱਖਿਆ ਲਈ ਸਾਡੇ ਜਵਾਨਾਂ ਨੇ ਬਲੀਦਾਨ ਦਿੱਤਾ। ਸਤੰਬਰ ਤੋਂ ਹੀ ਭਾਰਤ-ਚੀਨ ਵਿਚਾਲੇ ਗੱਲਬਾਤ ਹੋਈ। ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਨੇ 1962 ਦੇ ਸਮੇਂ ਤੋਂ ਕਾਫੀ ਹਿੱਸੇ ’ਤੇ ਕਬਜ਼ਾ ਕੀਤਾ ਹੈ। ਅਰੁਣਾਚਲ ਨੂੰ ਚੀਨ ਆਪਣਾ ਹਿੱਸਾ ਦੱਸਦਾ ਹੈ। ਭਾਰਤ ਨੇ ਚੀਨ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਕਦੇ ਨਹੀਂ ਮੰਨਿਆ। ਸਾਡੀ ਭਾਰਤੀ ਫ਼ੌਜ ਕਈ ਅਹਿਮ ਲੋਕੇਸ਼ਨ ’ਤੇ ਮੌਜੂਦ ਹੈ। ਐੱਲ. ਏ. ਸੀ. ’ਤੇ ਅਸੀਂ ਮਜ਼ਬੂਤ ਸਥਿਤੀ ਵਿਚ ਹਾਂ। ਭਾਰਤ ਨੇ ਚੀਨ ਨੂੰ ਬਾਰਡਰ ’ਤੇ ਬਣੇ ਹਲਾਤਾਂ ਦਾ ਰਿਸ਼ਤਿਆਂ ’ਤੇ ਅਸਰ ਪੈਣ ਦੀ ਗੱਲ ਆਖੀ ਹੈ, ਇਸ ਲਈ ਦੋਹਾਂ ਦੇਸ਼ਾਂ ਦੇ ਸੈਨਿਕਾਂ ਦਾ ਪਿੱਛੇ ਹਟਣਾ ਬੇਹੱਦ ਜ਼ਰੂਰੀ ਹੈ। ਅਸੀਂ ਮੰਨਦੇ ਹਾਂ ਕਿ ਵਿਵਾਦ ਦਾ ਨਿਪਟਾਰਾ ਗੱਲਬਾਤ ਜ਼ਰੀਏ ਹੀ ਹੋਣਾ ਚਾਹੀਦਾ ਹੈ, ਇਸ ਲਈ ਚੀਨ ਨਾਲ ਗੱਲਬਾਤ ਜਾਰੀ ਹੈ। 

ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਤਿੰਨ ਸਿਧਾਂਤਾ ’ਤੇ ਜ਼ੋਰ ਦਿੱਤਾ ਹੈ—
1. ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਨੂੰ ਮੰਨਿਆ ਜਾਵੇ ਅਤੇ ਉਸ ਦਾ ਆਦਰ ਕੀਤਾ ਜਾਵੇ।
2. ਕਿਸੇ ਵੀ ਸਥਿਤੀ ਨੂੰ ਬਦਲਣ ਦੀ ਇਕ ਪਾਸੜ ਕੋਸ਼ਿਸ਼ ਨਾ ਕੀਤੀ ਜਾਵੇ।
3. ਸਾਰੇ ਸਮਝੌਤਿਆਂ ਦਾ ਪਾਲਣ ਕੀਤਾ ਜਾਵੇ।

Tanu

This news is Content Editor Tanu