ਪਾਕਿ ਨੂੰ ਲੜਾਕੂ ਜਹਾਜ਼ਾਂ ਲਈ ਪੈਕੇਜ ਦੇਣ ''ਤੇ ਰਾਜਨਾਥ ਨੇ ਅਮਰੀਕੀ ਰੱਖਿਆ ਮੰਤਰੀ ਸਾਹਮਣੇ ਪ੍ਰਗਟਾਈ ਚਿੰਤਾ

09/15/2022 12:36:01 PM

ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ ਦੇ ਰੱਖ-ਰਖਾਅ ਲਈ ਦਿੱਤੇ ਗਏ ਵਿਸ਼ੇਸ਼ ਪੈਕੇਜ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਮਰੀਕੀ ਰੱਖਿਆ ਮੰਤਰੀ ਨਾਲ ਗੱਲਬਾਤ ਕਰ ਕੇ ਇਸ ’ਤੇ ਭਾਰਤ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲ ਹੀ ’ਚ ਪਾਕਿਸਤਾਨ ਨੂੰ ਇਨ੍ਹਾਂ ਜਹਾਜ਼ਾਂ ਦੇ ਰੱਖ-ਰਖਾਅ ਅਤੇ ਮੁਰੰਮਤ ਲਈ 45 ਕਰੋੜ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਸੀ।

ਰਾਜਨਾਥ ਨੇ ਬੁੱਧਵਾਰ ਨੂੰ ਇਸ ਬਾਰੇ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨਾਲ ਫੋਨ ’ਤੇ ਗੱਲ ਕੀਤੀ। ਉਨ੍ਹਾਂ ਨੇ ਬਾਅਦ ’ਚ ਟਵੀਟ ਕਰ ਕੇ ਕਿਹਾ, “ਗੱਲਬਾਤ ਗਰਮਜੋਸ਼ੀ ਨਾਲ ਹੋਈ ਅਤੇ ਹਾਂ-ਪੱਖੀ ਸੀ। ਮੈਂ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ਾਂ ਦੇ ਬੇੜੇ ਲਈ ਪੈਕੇਜ ਦੇਣ ਦੇ ਅਮਰੀਕਾ ਦੇ ਫੈਸਲੇ ’ਤੇ ਭਾਰਤ ਦੀ ਚਿੰਤਾ ਜ਼ਾਹਿਰ ਕੀਤੀ। ਭਾਰਤ-ਅਮਰੀਕਾ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਮਰੀਕੀ ਰੱਖਿਆ ਮੰਤਰੀ ਨਾਲ ਗੱਲਬਾਤ ਲਈ ਉਤਸੁਕ ਹਾਂ।’’ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ, ‘‘ਅਸੀਂ ਰਣਨੀਤਕ ਹਿੱਤਾਂ ਦੇ ਨਾਲ-ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧਾਉਣ ’ਤੇ ਵੀ ਚਰਚਾ ਕੀਤੀ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha