ਰਾਜਾ ਮਾਨਸਿੰਘ ਕਤਲ ਕਾਂਡ : 11 ਪੁਲਸ ਮੁਲਾਜ਼ਮ ਦੋਸ਼ੀ ਕਰਾਰ, ਬੁੱਧਵਾਰ ਨੂੰ ਹੋਵੇਗਾ ਸਜ਼ਾ ਦਾ ਐਲਾਨ

07/21/2020 5:31:03 PM

ਭਰਤਪੁਰ- ਰਾਜਸਥਾਨ 'ਚ ਭਰਤਪੁਰ ਦੇ ਕਸਵਾ ਡੀਗ 'ਚ 35 ਸਾਲ ਪਹਿਲਾਂ ਹੋਏ ਬਹੁਚਰਚਿਤ ਰਾਜਾ ਮਾਨਸਿੰਘ ਕਤਲ ਕਾਂਡ 'ਚ ਉੱਤਰ ਪ੍ਰਦੇਸ਼ ਦੇ ਮਥੁਰਾ ਇਕ ਅਦਾਲਤ ਨੇ ਮੰਗਲਵਾਰ ਨੂੰ 11 ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦੋਂ ਕਿ 3 ਲੋਕਾਂ ਨੂੰ ਬਰੀ ਕਰ ਦਿੱਤਾ। ਮਥੁਰਾ ਦਾ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਜੱਜ ਸਾਧਨਾ ਰਾਣੀ ਠਾਕੁਰ ਨੇ ਮਾਮਲੇ 'ਚ ਭਰਤਪੁਰ ਦੇ ਸਾਬਕਾ ਪੁਲਸ ਡਿਪਟੀ ਸੁਪਰਡੈਂਟ ਕਾਨ ਸਿੰਘ ਭਾਟੀ, ਐੱਸ.ਐੱਚ.ਓ. ਡੀਗ ਵੀਰੇਂਦਰ ਸਿੰਘ, ਸੁਖਰਾਮ, ਆਰ.ਏ.ਸੀ. ਦੇ ਹੈੱਡ ਕਾਂਸਟੇਬਲ ਜੀਵਾਰਾਮ, ਭੰਵਰ ਸਿੰਘ, ਕਾਂਸਟੇਬਲ ਹਰੀ ਸਿੰਘ, ਸ਼ੇਰ ਸਿੰਘ, ਛੱਤਰ ਸਿੰਘ, ਪਦਮਾਰਾਮ, ਜਗਮੋਹਨ, ਐੱਸ.ਆਈ. ਰਵੀ ਸ਼ੇਖਰ ਨੂੰ ਆਈ.ਪੀ.ਸੀ. ਦੀ ਧਾਰਾ 148, 149, 302 ਦੇ ਅਧੀਨ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਇਸ ਮਾਮਲੇ 'ਚ ਸਜ਼ਾ ਬੁੱਧਵਾਰ ਨੂੰ ਸੁਣਾਏਗੀ।

ਕੋਰਟ ਨੇ ਭਰਤਪੁਰ ਪੁਲਸ ਲਾਈਨ ਦੇ ਹੈੱਡ ਕਾਂਸਟੇਬਲ ਹਰੀ ਕਿਸ਼ਨ, ਕਾਂਸਟੇਬਲ ਗੋਵਿੰਦ ਪ੍ਰਸਾਦ, ਇੰਸਪੈਕਟਰ ਕਾਨ ਸਿੰਘ ਸਿਰਬੀ 'ਤੇ ਜੀਡੀ 'ਚ ਫੇਰਬਦਲ ਕਰਨ ਦਾ ਦੋਸ਼ ਸਾਬਤ ਨਹੀਂ ਹੋਣ ਤੋਂ ਬਾਅਦ ਮਾਮਲੇ ਤੋਂ ਬਰੀ ਕਰ ਦਿੱਤਾ। ਦੱਸਣਯੋਗ ਹੈ ਕਿ ਭਰਤਪੁਰ ਰਾਜ ਪਰਿਵਾਰ ਦੇ ਮੈਂਬਰ ਰਾਜਾ ਮਾਨ ਸਿੰਘ ਜੋ ਡੀਗ ਤੋਂ 7 ਵਾਰ ਆਜ਼ਾਦ ਵਿਧਾਇਕ ਰਹੇ ਪਰ ਇਹ ਘਟਨਾ ਉਦੋਂ ਵਾਪਰੀ ਜਦੋਂ ਰਾਜਾ ਮਾਨ ਸਿੰਘ ਵਿਰੁੱਧ ਕਾਂਗਰਸ ਪਾਰਟੀ ਨੇ ਇਕ ਰਿਟਾਇਰਡ ਆਈ.ਏ.ਐੱਸ. ਅਫ਼ਸਰ ਵਿਜੇਂਦਰ ਸਿੰਘ ਨੂੰ ਉਨ੍ਹਾਂ ਦੇ ਸਾਹਮਣੇ ਟਿਕਟ ਦੇ ਕੇ ਚੋਣਾਵੀ ਮੈਦਾਨ 'ਚ ਉਤਾਰਿਆ। 20 ਫਰਵਰੀ 1985 ਨੂੰ ਕਾਂਗਰਸ ਵਰਕਰਾਂ ਨੇ ਰਾਜਾ ਮਾਨ ਸਿੰਘ ਦੇ ਪੋਸਟਰ ਝੰਡੇ ਅਤੇ ਬੈਨਰ ਪਾੜ ਦਿੱਤੇ ਸਨ। ਇਸ ਨਾਲ ਮਾਨ ਸਿੰਘ ਕਾਫ਼ੀ ਨਾਰਾਜ਼ ਹੋ ਗਏ ਸਨ।

ਇਸ ਲਈ ਹੋਇਆ ਸੀ ਡੀਗ 'ਚ ਵਿਵਾਦ
ਕਾਂਗਰਸ ਸ਼ਾਸਿਤ ਸਰਕਾਰ ਦੇ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਹੈਲੀਕਾਪਟਰ ਤੋਂ ਡੀਗ 'ਚ ਕਾਂਗਰਸ ਉਮੀਦਵਾਰ ਦੇ ਸਮਰਥਨ 'ਚ ਸਭਾ ਨੂੰ ਸੰਬੋਧਨ ਕਰਨ ਆਏ ਸਨ, ਉਦੋਂ ਰਾਜਾ ਮਾਨ ਸਿੰਘ ਆਪਣੀ ਜੀਪ ਲੈ ਕੇ ਸਭਾ ਸਥਾਨ 'ਤੇ ਪਹੁੰਚੇ ਅਤੇ ਮੰਚ ਤੋੜ ਦਿੱਤਾ। ਉਸ ਤੋਂ ਬਾਅਦ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਵੀ ਆਪਣੀ ਜੀਪ ਨਾਲ ਤੋੜ ਦਿੱਤਾ ਸੀ, ਜਿਸ ਤੋਂ ਬਾਅਦ ਇਲਾਕੇ 'ਚ ਤਣਾਅ ਪੈਦਾ ਹੋ ਗਿਆ ਅਤੇ ਪੁਲਸ ਨੇ ਵੀ ਕਰਫਿਊ ਲੱਗਾ ਦਿੱਤਾ ਸੀ।
21 ਫਰਵੀਰ 1985 ਨੂੰ ਜਦੋਂ ਰਾਜਾ ਮਾਨ ਸਿੰਘ ਆਪਣੀ ਜੀਪ 'ਚ ਸਵਾਰ ਹੋ ਕੇ ਆਪਣੇ ਸਮਰਥਕਾਂ ਨਾਲ ਪੁਲਸ ਦੇ ਸਾਹਮਣੇ ਆਤਮਸਮਰਪਣ ਕਰਨ ਪਹੁੰਚ ਰਹੇ ਸਨ, ਉਦੋਂ ਡੀਗ ਕਸਬੇ ਦੀ ਅਨਾਜ ਮੰਡੀ 'ਚ ਭਾਰੀ ਪੁਲਸ ਤਾਇਨਾਤ ਸੀ। ਉੱਥੇ ਡੀ.ਐੱਸ.ਪੀ. ਕਾਨ ਸਿੰਘ ਭਾਟੀ ਨੇ ਆਪਣੇ ਪੁਲਸ ਮੁਲਾਜ਼ਮਾਂ ਨਾਲ ਰਾਜਾ ਮਾਨ ਸਿੰਘ ਨੂੰ ਰੋਕ ਲਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਰਾਜਾ ਮਾਨ ਸਿੰਘ ਅਤੇ ਉਸ ਦੇ ਸਮਰਥਕਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ 'ਚ ਰਾਜਾ ਮਾਨ ਸਿੰਘ ਨਾਲ ਠਾਕੁਰ ਸੁਮੇਰ ਸਿੰਘ ਅਤੇ ਠਾਕੁਰ ਹਰਿ ਸਿੰਘ ਦੀ ਮੌਤ ਹੋ ਗਈ ਸੀ।

DIsha

This news is Content Editor DIsha