ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਨਾਲ ਦਿੱਲੀ ਦੇ ਤਾਪਮਾਨ ''ਚ ਆਈ ਗਿਰਾਵਟ, ਮੌਸਮ ਸੁਹਾਵਣਾ

05/31/2020 10:40:25 AM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੂਰੀ ਰਾਤ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਅਤੇ ਬਾਰਿਸ਼ ਦੇ ਨਾਲ ਤਾਪਮਾਨ ਕਾਫੀ ਗਿਰਾਵਟ ਆਈ ਹੈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਸਫਦਰਗੰਜ ਵੇਧਸ਼ਾਲਾ ਨੇ 9.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਹੈ। ਸ਼ਨੀਵਾਰ ਨੂੰ ਇੱਥੇ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ 6 ਡਿਗਰੀ ਹੇਠਾ ਦਰਜ ਕੀਤਾ ਗਿਆ ਸੀ। ਪਾਲਮ ਵੇਧਸ਼ਾਲਾ 'ਚ ਪੂਰੀ ਰਾਤ 5 ਮਿਮੀ. ਬਾਰਿਸ਼ ਦਰਜ ਕੀਤੀ ਹੈ। ਮੌਸਮ ਵਿਗਿਆਨਿਕਾਂ ਨੇ ਅੱਜ ਭਾਵ ਐਤਵਾਰ ਨੂੰ ਦਿੱਲੀ-ਐੱਨ.ਸੀ.ਆਰ 'ਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਸੀ। ਵੱਧ ਤੋਂ ਵੱਧ ਤਾਮਮਾਨ 35 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦੇ ਨੇੜੇ ਰਹਿ ਸਕਦਾ ਹੈ। 

ਮੌਸਮ ਵਿਭਾਗ ਨੇ ਦੱਸਿਆ ਹੈ ਕਿ ਜੂਨ ਦੇ ਪਹਿਲੇ ਹਫਤੇ ਉੱਤਰ-ਪੱਛਮੀ ਭਾਰਤ 'ਚ ਇਕ ਹੋਰ ਪੱਛਮੀ ਗੜਬੜੀ ਦੀ ਸੰਭਾਵਨਾ ਹੈ। ਇਸ ਲਈ ਦਿੱਲੀ-ਐੱਨ.ਸੀ.ਆਰ 'ਚ 8 ਜੂਨ ਤੋਂ ਪਹਿਲਾਂ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਮੌਜੂਦਾ ਪੱਛਮੀ ਗੜਬੜੀ ਅਤੇ ਪੂਰਬੀ ਹਵਾਵਾਂ ਦਾ ਅਸਰ ਐਤਵਾਰ ਸ਼ਾਮ ਤੱਕ ਘੱਟ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਦਿੱਲੀ-ਐੱਨ.ਸੀ.ਆਰ 'ਚ ਵੱਧ ਤੋਂ ਵੱਧ ਤਾਪਮਾਨ 1 ਜੂਨ ਤੋਂ 3 ਜੂਨ ਤੱਕ 2-4 ਡਿਗਰੀ ਸੈਲਸੀਅਸ ਤੱਕ ਵੱਧਣ ਦਾ ਅੰਦਾਜ਼ਾ ਹੈ। ਉਨ੍ਹਾਂ ਨੇ ਦੱਸਿਆ ਹੈ,"ਤਾਪਮਾਨ ਜ਼ਿਆਦਾਤਰ ਸਥਾਨਾਂ 'ਤੇ 40 ਡਿਗਰੀ ਸੈਲਸੀਅਸ ਤੋਂ ਘੱਟ ਰਹੇਗਾ ਅਤੇ ਹੁਣ ਲੂ ਨਹੀਂ ਚੱਲੇਗੀ।"

ਸ਼੍ਰੀਵਾਸਤਵ ਨੇ ਇਹ ਵੀ ਦੱਸਿਆ ਹੈ ਕਿ ਅਰਬ ਸਾਗਰ 'ਚ ਘੱਟ ਦਬਾਅ ਦਾ ਖੇਤਰ ਬਣਨ ਦੇ ਨਾਲ ਹੀ ਨਵੇਂ ਸਿਰਿਓ ਬਣੇ ਪੱਛਮੀ ਗੜਬੜੀ ਅਤੇ ਦੱਖਣੀ-ਪੱਛਮੀ ਹਵਾਵਾਂ ਤੋਂ ਦਿੱਲੀ-ਐੱਨ.ਸੀ.ਆਰ 'ਚ ਨਮੀ ਆਵੇਗੀ।ਇਸ ਤੋਂ ਦਿੱਲੀ-ਐੱਨ.ਸੀ.ਆਰ 'ਚ 3-5 ਜੂਨ ਦੇ ਦੌਰਾਨ ਗਰਜ ਨਾਲ ਛਿੱਟੇ ਪੈਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਹੈ, "ਉੱਤਰ ਪੱਛਮੀ ਭਾਰਤ 'ਚ 8 ਜੂਨ ਤੱਕ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ।"

Iqbalkaur

This news is Content Editor Iqbalkaur