ਚੱਕਰਵਾਤ ‘ਗੁਲਾਬ’ ਦੇ ਆਉਣ ਤੋਂ ਪਹਿਲਾਂ ਓਡੀਸ਼ਾ ’ਚ ਮੀਂਹ ਸ਼ੁਰੂ, ਇਨ੍ਹਾਂ 7 ਜ਼ਿਲ੍ਹਿਆਂ ’ਚ ਹਾਈ ਅਲਰਟ

09/26/2021 4:01:33 PM

ਭੁਵਨੇਸ਼ਵਰ- ‘ਗੁਲਾਬ’ ਚੱਕਰਵਾਤ ਦੇ ਪ੍ਰਭਾਵ ਕਾਰਨ ਓਡੀਸ਼ਾ ਦੇ ਦੱਖਣੀ ਅਤੇ ਤੱਟਵਰਤੀ ਖੇਤਰਾਂ ’ਚ ਐਤਵਾਰ ਸਵੇਰੇ ਮੀਂਹ ਸ਼ੁਰੂ ਹੋ ਗਿਆ। ਇਸ ਚੱਕਰਵਾਤ ਦੇ ਓਡੀਸ਼ਾ ਦੇ ਗੋਪਾਲਪੁਰ ਅਤੇ ਆਂਧਰਾ ਪ੍ਰਦੇਸ਼ ਦੇ ਕਲਿੰਗਪਟਨਮ ਦਰਮਿਆਨ ਅੱਧੀ ਰਾਤ ਨੂੰ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਓਡੀਸ਼ਾ ’ਚ ਚਾਰ ਮਹੀਨਿਆਂ ’ਚ ਆਉਣ ਵਾਲਾ ਇਹ ਦੂਜਾ ਚੱਕਰਵਾਤ ਹੈ। ਇਸ ਦਾ ਕੇਂਦਰ ਗੋਪਾਲਪੁਰ ਦੇ ਦੱਖਣ-ਪੂਰਬ ’ਚ ਕਰੀਬ 140 ਕਿਲੋਮੀਟਰ ਦੀ ਦੂਰੀ ਅਤੇ ਕਲਿੰਗਪਟਨਮ ਦੇ ਪੂਰਬ-ਉੱਤਰ ’ਚ ਕਰੀਬ 190 ਕਿਲੋਮੀਟਰ ਦੀ ਦੂਰੀ ’ਤੇ ਹੈ। ਆਈ.ਐੱਮ.ਡੀ. ਨੇ ‘ਲਾਲ ਸੰਦੇਸ਼’ (ਬਹੁਤ ਵੱਧ ਮੀਂਹ ਦਾ ਸੰਦੇਸ਼) ਜਾਰੀ ਕਰਦੇ ਹੋਏ ਕਿਹਾ,‘‘ਅੱਜ ਰਾਤ ਇਸ ਦੇ ਪੱਛਮ ਵੱਲ ਵਧਣ ਅਤੇ ਆਂਧਰਾ ਪ੍ਰਦੇਸ਼ ਤੇ ਦੱਖਣੀ ਓਡੀਸ਼ਾ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ 75-85 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਤੂਫ਼ਾਨ ਚੱਲ ਸਕਦਾ ਹੈ। ਐਤਵਾਰ ਦੇਰ ਸ਼ਾਮ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।’’

ਉਸ ਨੇ ਦੱਸਿਆ ਕਿ ਫਿਲਹਾਲ ਉਸ ਦੀ ਰਫ਼ਤਾਰ 18 ਕਿਲੋਮੀਟਰ ਪ੍ਰਤੀ ਘੰਟਾ ਹੈ। ਓਡੀਸ਼ਾ ਸਰਕਾਰ ਨੇ ਪਹਿਲਾਂ ਹੀ ਬਚਾਅ ਅਤੇ ਰਾਹਤ ਕਰਮੀਆਂ ਨੂੰ ਤਿਆਰ ਕਰ ਲਿਆ ਹੈ ਅਤੇ ਰਾਜ ਦੇ ਦੱਖਣੀ ਹਿੱਸੇ ਦੇ 7 ਚਿੰਨ੍ਹਿਤ ਜ਼ਿਲ੍ਹਿਆਂ ’ਚ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਪੀ.ਕੇ. ਜੇਨਾ ਨੇ ਦੱਸਿਆ ਕਿ ਓਡੀਸ਼ਾ ਆਫ਼ਤ ਤੁਰੰਤ ਕਾਰਜਫ਼ੋਰਸ ਦੀਆਂ 42 ਟੀਮਾਂ, ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ ਦੇ 24 ਦਸਤੇ ਅਤੇ ਅੱਗ ਬੁਝਾਊ ਕਰਮੀਆਂ ਦੀਆਂ 102 ਟੀਮਾਂ ਗਜਪਤੀ, ਗੰਜਾਮ, ਰਾਏਗੜ੍ਹ, ਕੋਰਾਪੁਟ, ਮਲਕਾਨਗਿਰੀ, ਨਬਰੰਗਪੁਰ ਅਤੇ ਕੰਧਮਾਲ ਜ਼ਿਲ੍ਹਿਆਂ ’ਚ ਭੇਜਿਆ ਗਿਆ ਹੈ। ਜੇਨਾ ਨੇ ਕਿਹਾ ਕਿ ਗੰਜਾਮ ’ਤੇ ਚੱਕਰਵਾਤ ਦੀ ਸਭ ਤੋਂ ਵੱਧ ਮਾਰ ਪੈਣ ਦਾ ਖ਼ਦਸ਼ਾ ਹੈ, ਇਸ ਲਈ ਇਕੱਲੇ ਉਸ ਖੇਤਰ ’ਚ 15 ਬਚਾਅ ਦਲ ਭੇਜੇ ਗਏ ਹਨ। ਮਛੇਰਿਆਂ ਨੂੰ ਬੰਗਾਲ ਦੀ ਖਾੜੀ ਅਤੇ ਅੰਡਮਾਨ ਸਾਗਰ ’ਚ ਨਹੀਂ ਜਾਣ ਲਈ ਕਿਹਾ ਗਿਆ ਹੈ।

DIsha

This news is Content Editor DIsha