ਦਿੱਲੀ ਸਮੇਤ ਯੂ. ਪੀ. ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

04/24/2019 2:02:51 AM

ਸ਼ਾਮਲੀ, (ਇੰਟ.)— ਰਾਜਧਾਨੀ ਦਿੱਲੀ ਸਮੇਤ ਯੂ. ਪੀ. ਅਤੇ ਹਰਿਆਣਾ ਦੇ 11 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਏਰੀਆ ਕਮਾਂਡਰ ਮੈਸੂਰ ਅਹਿਮਦ ਦੇ ਨਾਂ ਨਾਲ ਸਾਧਾਰਨ ਡਾਕ ਰਾਹੀਂ ਸ਼ਾਮਲੀ ਰੇਲਵੇ ਸਟੇਸ਼ਨ ਮਾਸਟਰ ਨੂੰ ਇਹ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ। ਪ੍ਰਮੁੱਖ ਮੰਦਰਾਂ ਨੂੰ ਵੀ ਉਡਾਉਣ ਦੀ ਧਮਕੀ ਦੇਣ ਦੇ ਨਾਲ ਹੀ ਯੂ. ਪੀ.-ਦਿੱਲੀ ਦੇ ਸੀ. ਐੱਮ. ਅਤੇ ਸੰਘ ਮੁਖੀ ਮੋਹਨ ਭਾਗਵਤ ਦੀ ਵੀ ਹੱਤਿਆ ਕਰਨ ਦਾ ਜ਼ਿਕਰ ਪੱਤਰ ਵਿਚ ਹੈ। ਪੱਤਰ ਮਿਲਣ ਤੋਂ ਬਾਅਦ ਰੇਲਵੇ ਮਹਿਕਮੇ ਦੇ ਅਧਿਕਾਰੀਆਂ ਅਤੇ ਪੁਲਸ ਮਹਿਕਮੇ ਵਿਚ ਭਾਜੜ ਮਚ ਗਈ ਹੈ। ਇਸ ਪੱਤਰ ਦੀ ਤਹਿਕੀਕਾਤ ਕਰਨ ਲਈ ਖੁਫੀਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ। ਐੱਸ. ਪੀ.ਅਜੇ ਕੁਮਾਰ ਦੇ ਮੁਤਾਬਕ ਸ਼ਾਮਲੀ ਰੇਲਵੇ ਸਟੇਸ਼ਨ ਮਾਸਟਰ ਵਿਕ੍ਰਾਂਤ ਸਰੋਹਾ ਦੇ ਨਾਂ ਇਹ ਪੱਤਰ ਭੇਜਿਆ ਗਿਆ ਹੈ। ਹਾਲਾਂਕਿ ਪੱਤਰ 20 ਅਪ੍ਰੈਲ ਨੂੰ ਮਿਲ ਗਿਆ ਸੀ ਪਰ ਰੇਲਵੇ ਅਫਸਰ ਖੁਫੀਆ ਢੰਗ ਵਿਚ ਪੜਤਾਲ ਵਿਚ ਜੁਟੇ ਸਨ। ਰੇਲਵੇ ਅਫਸਰਾਂ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਜੰਮੂ-ਕਸ਼ਮੀਰ ਦੇ ਏਰੀਆ ਕਮਾਂਡਰ ਮੈਸੂਰ ਅਹਿਮਦ ਦੇ ਨਾਂ ਨਾਲ ਭੇਜੇ ਗਏ ਪੱਤਰ ਵਿਚ ਜੇਹਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹਿੰਦੇ ਹੋਏ 13 ਮਈ ਨੂੰ ਸ਼ਾਮਲੀ, ਬਾਗਪਤ, ਮੇਰਠ, ਹਾਪੁੜ, ਗਜਰੌਲਾ, ਗਾਜ਼ੀਆਬਾਦ, ਮੁਜ਼ੱਫਰਨਗਰ, ਬਰੇਲੀ, ਦਿੱਲੀ, ਪਾਨੀਪਤ ਅਤੇ ਰੋਹਤਕ ਆਦਿ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ।

KamalJeet Singh

This news is Content Editor KamalJeet Singh