ਰੇਲ ਹਾਦਸਾ : ਅਧਿਕਾਰੀਆਂ ''ਤੇ ਵਰੇ ਪ੍ਰਭੂ, ਬੋਲੇ-ਸ਼ਾਮ ਤੱਕ ਦੱਸੋ ਕੌਣ ਹੈ ਜ਼ਿੰਮੇਵਾਰ, ਸਹਾਇਤਾ ਰਾਸ਼ੀ ਦਾ ਐਲਾਨ

08/20/2017 2:29:52 PM

ਨਵੀਂ ਦਿੱਲੀ — ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਰੇਲਵੇ ਬੋਰਡ ਦੇ ਪ੍ਰਧਾਨ ਨੂੰ ਕਿਹਾ ਹੈ ਕਿ ਉਹ ਉੱਤਰ ਪ੍ਰਦੇਸ਼ 'ਚ ਉਤਕਲ ਐਕਸਪ੍ਰੈਸ ਦੇ  ਪਟਰੀ ਤੋਂ ਉਤਰਨ ਦੀ ਘਟਨਾ ਨੂੰ ਲੈ ਕੇ ਪ੍ਰਾਇਮਰੀ  ਸਬੂਤਾਂ ਦੇ ਅਧਾਰ 'ਤੇ ਅੱਜ ਹੀ ਜਵਾਬਦੇਹੀ ਤੈਅ ਕਰਨ'।
ਮੰਤਰੀ ਨੇ ਕਿਹਾ ਕਿ ਉਹ ਹਾਲਾਤਾਂ 'ਤੇ ਬਰੀਕੀ ਨਾਲ ਨਜ਼ਰ ਰੱਖ ਰਹੇ ਹਨ ਅਤੇ ਪਟੜੀਆਂ ਦੀ ਮੁਰੰਮਤ ਪਹਿਲ ਦੇ ਅਧਾਰ 'ਤੇ ਕਰਵਾ ਰਹੇ ਹਨ। ਪੱਛਮੀ ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਦੇ ਕੋਲ  ਸ਼ਾਮ ਉਤਕਲ ਐਕਸਪ੍ਰੈਸ ਦੇ 14 ਡੱਬੇ ਪਟੜੀਆਂ ਤੋਂ ਉਤਰ ਜਾਣ ਦੇ ਕਾਰਨ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 156 ਜ਼ਖਮੀ ਹੋ ਗਏ ਹਨ। ਇਨ੍ਹਾਂ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ।
ਪ੍ਰਭੂ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਮੁਰੰਮਤ ਦਾ ਕੰਮ ਤਰਜੀਹ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ। ਜ਼ਖਮੀਆਂ ਦੇ ਲਈ ਵਧੀਆ ਅਤੇ ਬਣਦੀ ਮੈਡੀਕਲ ਸੇਵਾ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਮੰਤਰੀ ਨੇ ਲਿਖਿਆ ਕਿ ਬੋਰਡ ਵਲੋਂ  ਅਭਿਆਨ 'ਚ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੇਲਵੇ ਬੋਰਡ ਦੇ ਪ੍ਰਧਾਨ ਨੂੰ ਸਬੂਤਾਂ ਦੇ ਅਧਾਰ 'ਤੇ ਜਵਾਬਦੇਹੀ ਤੈਅ ਕਰਨ ਲਈ ਕਿਹਾ ਹੈ।
ਕੱਲ੍ਹ ਤੋਂ ਹੀ ਹਾਲਾਤ 'ਤੇ ਨਜ਼ਰ ਰੱਖ ਰਹੇ ਕੇਂਦਰੀ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਅਤੇ ਮੈਡੀਕਲ ਟੀਮ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਖਮੀਆਂ ਦਾ ਇਲਾਜ ਕਰਨ ਅਤੇ ਪੀੜਤ ਯਾਤਰੀਆਂ ਦੀ ਹਰ ਸੰਭਵ ਸਹਾਇਤਾ ਕਰਨ। ਪ੍ਰਭੂ ਨੇ ਕੱਲ੍ਹ ਹੋਏ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਖੁਦ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ ਅਤੇ ਲਾਪਰਵਾਹੀ ਦੀ ਸਥਿਤੀ 'ਚ ਸਖਤ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 3.5 ਲੱਖ ਰੁਪਏ,  ਗੰਭੀਰ ਰੂਪ 'ਚ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਅਤੇ ਮਾਮੂਲੀ ਸੱਟਾਂ ਲੱਗਣ ਵਾਲਿਆਂ ਨੂੰ 25 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।