ਮਾਲਿਆ ਪਿੱਛੋਂ ਨੀਰਵ ਵੀ ਫਰਾਰ, ਕਿੱਥੇ ਹੈ ''ਚੌਕੀਦਾਰ'' : ਰਾਹੁਲ

02/20/2018 5:37:40 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਨੈਸ਼ਨਲ ਬੈਂਕ ਦੇ 11,400 ਕਰੋੜ ਰੁਪਏ ਦੇ ਘਪਲੇ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੋਮਵਾਰ ਮੁੜ ਹਮਲਾ ਬੋਲਿਆ। ਉਨ੍ਹਾਂ ਇਸ ਮਾਮਲੇ 'ਚ ਮੋਦੀ ਦੀ ਚੁੱਪ 'ਤੇ ਸਵਾਲ ਉਠਾਉਂਦਿਆ ਕਿਹਾ ਕਿ ਜਦੋਂ ਹੀਰਾ ਕਾਰੋਬਾਰੀ ਨੀਰਵ ਮੋਦੀ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ 
ਮਾਲਿਆ ਵਾਂਗ ਦੇਸ਼ ਤੋਂ ਭੱਜ ਗਿਆ ਤਾਂ ਉਸ ਸਮੇਂ 'ਦੇਸ਼ ਦਾ ਚੌਕੀਦਾਰ' ਕਿੱਥੇ ਸੀ। ਰਾਹੁਲ ਨੇ ਮੋਦੀ ਵਲੋਂ ਚੋਣ ਰੈਲੀਆਂ 'ਚ ਖੁਦ ਨੂੰ ਦੇਸ਼ ਦਾ ਚੌਕੀਦਾਰ ਦੱਸਣ ਅਤੇ 'ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ' ਦੇ ਦਾਅਵੇ 'ਤੇ ਵੀ ਟਿੱਪਣੀ ਕੀਤੀ। ਰਾਹੁਲ ਨੇ ਟਵੀਟ ਕੀਤਾ ਕਿ ਪੂਰਾ ਦੇਸ਼ ਮੋਦੀ ਦੀ ਚੁੱਪ ਦਾ ਭੇਦ ਜਾਣਨਾ ਚਾਹੁੰਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਪ੍ਰਧਾਨ ਮੰਤਰੀ ਕਿਸ ਨਾਲ ਹਨ। ਲੋਕ 'ਸਾਹਿਬ' ਦੀ ਚੁੱਪ ਦਾ ਕਾਰਨ ਜਾਣਨਾ ਚਾਹੁੰਦੇ ਹਨ। ਮੋਦੀ ਦੀ ਚੁੱਪ ਦੱਸਦੀ ਹੈ ਕਿ ਉਹ ਕਿਸ ਨਾਲ ਹਨ। ਰਾਹੁਲ ਨੇ ਪ੍ਰਧਾਨ ਮੰਤਰੀ 'ਤੇ ਹਮਲਾ ਬੋਲਦਿਆ ਆਪਣੇ ਟਵੀਟ ਨਾਲ 'ਮੋਦੀ ਰਾਬਜ਼ ਇੰਡੀਆ' ਹੈਸ਼ਟੈਗ ਦੀ ਵਰਤੋ ਕੀਤੀ ਹੈ।