ਖੇਤੀ ਕਾਨੂੰਨ ਵਾਪਸੀ : ਰਾਹੁਲ ਬੋਲੇ- ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਝੁਕਾ ਦਿੱਤਾ ਹੰਕਾਰ ਦਾ ਸਿਰ

11/19/2021 11:15:29 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਅੰਨਦਾਤਾਵਾਂ ਨੇ ਸੱਤਿਆਗ੍ਰਹਿ ਨਾਲ ਹੰਕਾਰ ਦਾ ਸਿਰ ਝੁਕਾ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕੀਤਾ,‘‘ਦੇਸ਼ ਦੇ ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਹੰਕਾਰ ਦਾ ਸਿਰ ਝੁਕਾ ਦਿੱਤਾ। ਅਨਿਆਂ ਵਿਰੁੱਧ ਇਹ ਜਿੱਤ ਮੁਬਾਰਕ ਹੋਵੇ। ਜੈ ਹਿੰਦ, ਜੈ ਹਿੰਦ ਦਾ ਕਿਸਾਨ!’’

 

ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਵਿਰੁੱਧ ਕੁਝ ਮਹੀਨੇ ਪਹਿਲਾਂ ਪੰਜਾਬ ’ਚ ਕੱਢੀ ਗਈ ਆਪਣੀ ਇਕ ਯਾਤਰਾ ਦੌਰਾਨ ਦਿੱਤੇ ਗਏ ਆਪਣੇ ਉਸ ਬਿਆਨ ਦੀ ਇਕ ਵੀਡੀਓ ਵੀ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਇਕ ਦਿਨ ਇਹ ਕਾਨੂੰਨ ਵਾਪਸ ਲੈਣ ਨੂੰ ਮਜ਼ਬੂਰ ਹੋਵੇਗੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਕਰੀਬ ਇਕ ਸਾਲ ਤੋਂ ਵੱਧ ਸਮੇਂ ਤੋਂ ਵਿਵਾਦਾਂ ’ਚ ਘਿਰੇ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਲਈ ਸੰਸਦ ਦੇ ਆਉਣ ਵਾਲੇ ਸੈਸ਼ਨ ’ਚ ਬਿੱਲ ਲਿਆਂਦਾ ਜਾਵੇਗਾ। ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੰਦੋਲਨ ਕਰ ਰਹੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha