ਸਿੰਗਾਪੁਰ ''ਚ ਰਾਹੁਲ ਗਾਂਧੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦਿੱਤੀ ਸ਼ਰਧਾਂਜਲੀ

03/08/2018 5:24:03 PM

ਸਿੰਗਾਪੁਰ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਸਿੰਗਾਪੁਰ ਵਿਚ ਆਜ਼ਾਦ ਹਿੰਦ ਫੌਜ ਦੇ ਸਮਾਰਕ 'ਤੇ ਗਏ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦਿੱਤੀ। ਇੱਥੇ ਦੱਸ ਦੇਈਏ ਕਿ ਰਾਹੁਲ ਗਾਂਧੀ ਤਿੰਨ ਦਿਨਾਂ ਦੀ ਯਾਤਰਾ 'ਤੇ ਸਿੰਗਾਪੁਰ ਅਤੇ ਮਲੇਸ਼ੀਆ ਗਏ ਹਨ। ਉੱਥੇ ਉਹ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼ੀਲ ਲੂੰਗ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜਾਕ ਨਾਲ ਹੀ ਭਾਰਤੀ ਭਾਈਚਾਰੇ ਅਤੇ ਕਾਰੋਬਾਰੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

 
ਕਾਂਗਰਸ ਪਾਰਟੀ ਨੇ ਇਕ ਟਵੀਟ 'ਚ ਕਿਹਾ, ''ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਿੰਗਾਪੁਰ ਵਿਚ ਇਤਿਹਾਸਕ ਆਜ਼ਾਦ ਹਿੰਦ ਫੌਜ ਦੇ ਸਮਾਰਕ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦਿੱਤੀ।'' ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਅਗਲੇ ਤਿੰਨ ਦਿਨਾਂ 'ਚ ਮੈਂ ਸਿੰਗਾਪੁਰ ਅਤੇ ਮਲੇਸ਼ੀਆ ਵਿਚ ਭਾਰਤੀ ਭਾਈਚਾਰੇ, ਕਾਰੋਬਾਰੀ ਨੇਤਾਵਾਂ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਪ੍ਰਤੀ ਆਸਵੰਦ ਹਾਂ।

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸ਼ੀਨ ਲੂੰਗ ਅਤੇ ਮਲੇਸ਼ੀਆਈ ਪ੍ਰਧਾਨ ਮੰਤਰੀ ਨਜੀਬ ਰਜਾਕ ਨਾਲ ਵੀ ਮੇਰੀ ਮੁਲਾਕਾਤ ਹੋਣੀ ਹੈ। ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੇਲੇਸਟੀਅਰ ਰੋਡ 'ਤੇ ਸਥਿਤ ਇੰਡੀਅਨ ਐਸੋਸੀਏਸ਼ਨ ਪਹੁੰਚੇ। ਐਸੋਸੀਏਸ਼ਨ ਕਲੱਬ ਹਾਊਸ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਰੱਖਿਆ ਸੀ।