ਮੋਦੀ ਜੀ ਤਾਂ ‘ਸਿਰਫ ਝੂਠ’ ਬੋਲਦੇ ਹਨ : ਰਾਹੁਲ ਗਾਂਧੀ

11/17/2018 4:48:05 PM

ਰਾਏਪੁਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਕੋਰੀਆ ਜ਼ਿਲੇ ਵਿਚ ਚੋਣਾਵੀ ਰੈਲੀ ਕੀਤੀ। ਇਸ ਰੈਲੀ 'ਚ ਉਨ੍ਹਾਂ ਨੇ ਮੋਦੀ ਸਰਕਾਰ 'ਤੇ ਜਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਜਦੋਂ ਬਣਿਆ ਤਾਂ ਸੁਪਨਾ ਸੀ ਕਿ ਇਸ ਦਾ ਪਾਣੀ, ਜੰਗਲ, ਜ਼ਮੀਨ, ਕੋਲਾ ਆਦਿ ਚੀਜ਼ਾਂ ਦਾ ਛੱਤੀਸਗੜ੍ਹ ਦੇ ਲੋਕਾਂ ਨੂੰ ਫਾਇਦਾ ਹੋਵੇ। ਪਿਛਲੇ 15 ਸਾਲਾਂ 'ਚ ਤੁਸੀਂ ਦੇਖਿਆ ਹੁਣ ਦੋ ਛੱਤੀਗਸੜ੍ਹ ਬਣ ਗਏ ਹਨ, ਇਕ ਛੱਤੀਸਗੜ੍ਹ ਅਮੀਰਾਂ ਦਾ, ਸੂਟ-ਬੂਟ ਵਾਲਿਆਂ ਦਾ ਅਤੇ ਵੱਡੇ-ਵੱਡੇ ਉਦਯੋਗਪਤੀਆਂ ਦਾ ਦੂਜਾ ਛੱਤੀਸਗੜ੍ਹ ਆਮ ਜਨਤਾ ਦਾ, ਸਾਡੀਆਂ ਮਾਵਾਂ ਦਾ, ਕਿਸਾਨਾਂ ਦਾ ਅਤੇ ਨੌਜਵਾਨਾਂ ਦਾ। ਸਾਨੂੰ ਦੋ ਛੱਤੀਸਗੜ੍ਹ ਨਹੀਂ ਚਾਹੀਦੇ, ਸਾਨੂੰ ਨਿਆਂ ਚਾਹੀਦਾ ਹੈ। 

 

 

ਰਾਹੁਲ ਨੇ ਕਿਹਾ ਕਿ 2014 'ਚ ਮੋਦੀ ਜੀ ਪੀ. ਐੱਮ. ਬਣੇ ਅਤੇ 15 ਸਾਲ ਤੋਂ ਇੱਥੇ ਰਮਨ ਸਿੰਘ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਕਿਸਾਨਾਂ ਦੀ ਗੱਲ ਕਰਾਂ ਤਾਂ ਭਾਜਪਾ ਨੇ ਕਿਸਾਨਾਂ ਨੂੰ ਝੋਨੇ ਦੀ ਸਹੀ ਕੀਮਤ ਦੇਣ ਦੀ ਗੱਲ ਆਖੀ ਸੀ। ਵਾਅਦਾ 2100 ਦਾ ਕੀਤਾ ਸੀ ਪਰ ਮਿਲਦਾ 1700-1800 ਹੈ। ਪਿਛਲੇ 4 ਸਾਲਾਂ ਵਿਚ ਮੋਦੀ ਸਰਕਾਰ ਨੇ ਕਿਸਾਨਾਂ ਦਾ ਇਕ ਰੁਪਇਆ ਵੀ ਮੁਆਫ਼ ਨਹੀਂ ਕੀਤਾ। ਮੈਂ ਮੋਦੀ ਜੀ ਦੇ ਦਫਤਰ ਗਿਆ ਤਾਂ ਪੁੱਛਿਆ ਕਿ ਮੋਦੀ ਜੀ ਤੁਸੀਂ ਅਮੀਰਾਂ ਨੂੰ ਮੁਆਫ ਕਰ ਦਿੰਦੇ ਹੋ ਪਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਕਰਦੇ ਤੇ ਮੋਦੀ ਜੀ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਮੈਂ ਮੋਦੀ ਜੀ ਨੂੰ ਛੱਤੀਸਗੜ੍ਹ ਤੋਂ ਜਵਾਬ ਦੇਣਾ ਚਾਹਾਂਗਾ ਕਿ ਜਦੋਂ ਇੱਥੇ ਛੱਤੀਸਗੜ੍ਹ 'ਚ ਕਾਂਗਰਸ ਦੀ ਸਰਕਾਰ ਆਵੇਗੀ। ਸਿਰਫ 10 ਦਿਨ ਦੇ ਅੰਦਰ ਕਾਂਗਰਸ ਪਾਰਟੀ ਛੱਤੀਸਗੜ੍ਹ ਦੇ ਹਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ। ਤੁਸੀਂ ਵਾਅਦੇ ਕਰਦੇ ਹੋ, ਅਸੀਂ ਕੰਮ ਕਰਦੇ ਹਾਂ। ਅਸੀਂ ਝੂਠੇ ਵਾਅਦੇ ਨਹੀਂ ਕਰਦੇ, ਅਸੀਂ ਆਪਣੀ ਗੱਲ ਤੋਂ ਨਹੀਂ ਮੁਕਰਦੇ। ਕਾਂਗਰਸ ਪਾਰਟੀ ਜੋ ਕਹਿੰਦੀ ਹੈ, ਪੂਰਾ ਕਰ ਕੇ ਦਿਖਾਉਂਦੀ ਹੈ। 

 



ਰਾਹੁਲ ਨੇ ਅੱਗੇ ਕਿਹਾ ਕਿ ਸਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਪੈਸਾ ਕਿੱਥੋਂ ਆਵੇਗਾ। ਤੁਸੀਂ ਜਾਣਦੇ ਹੋ ਕਿ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ 45 ਹਜ਼ਾਰ ਕਰੋੜ ਰੁਪਏ ਲੈ ਕੇ ਦੌੜੇ ਹਨ। ਮੋਦੀ ਜੀ ਨੇ ਰਾਫੇਲ ਸੌਦੇ 'ਚ ਅਨਿਲ ਅੰਬਾਨੀ ਨੂੰ 30,000 ਕਰੋੜ ਰੁਪਏ ਦਿਵਾਏ। ਛੱਤੀਸਗੜ੍ਹ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਪੈਸਾ ਵਿਜੇ ਮਾਲਿਆ, ਨੀਰਵ ਮੋਦੀ ਅਤੇ ਅੰਬਾਨੀ ਵਰਗੇ ਲੋਕਾਂ ਤੋਂ ਆਵੇਗਾ। ਨੋਟਬੰਦੀ ਨੂੰ ਲੈ ਕੇ ਰਾਹੁਲ ਨੇ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਨੋਟਬੰਦੀ 'ਚ ਠੱਗਿਆ, ਰਾਫੇਲ 'ਚ ਠੱਗਿਆ ਅਤੇ 15 ਲੱਖ ਰੁਪਏ ਵਿਚ ਠੱਗਿਆ। 2 ਕਰੋੜ ਲੋਕਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ, ਨਹੀਂ ਦਿੱਤੀ। ਮੋਦੀ ਜੀ ਜਨਤਾ ਵਿਚਾਲੇ ਜਾ ਕੇ ਸਿਰਫ ਝੂਠ ਬੋਲਦੇ ਹਨ।