ਚੌਕੀਦਾਰ ਨੇ ਅੰਬਾਨੀ ਨੂੰ ਦਿੱਤੇ 30 ਹਜ਼ਾਰ ਕਰੋੜ : ਰਾਹੁਲ

01/24/2019 1:42:45 AM

ਅਮੇਠੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਜਹਾਜ਼ ਖਰੀਦ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫਿਰ ਤੋਂ ਨਿਸ਼ਾਨਾ ਸਾਧਦੇ ਹੋਏ ਬੁੱਧਵਾਰ ਨੂੰ ਕਿਹਾ ਕਿ 'ਚੌਕੀਦਾਰ' ਨੇ ਭਾਰਤੀ ਹਵਾਈ ਫੌਜ ਤੋਂ 30 ਹਜ਼ਾਰ ਕਰੋੜ ਰੁਪਏ ਲੈ ਕੇ ਆਪਣੇ ਉਦਯੋਗਪਤੀ ਮਿੱਤਰ ਅਨਿਲ ਅੰਬਾਨੀ ਨੂੰ ਦੇ ਦਿੱਤੇ। ਰਾਹੁਲ ਨੇ ਕੇਂਦਰ ਸਰਕਾਰ 'ਤੇ ਪੇਂਡੂ ਖੇਤਰਾਂ 'ਚ 100 ਦਿਨ ਦੇ ਰੋਜ਼ਗਾਰ ਦੀ ਗਾਰੰਟੀ ਦੇਣ ਵਾਲੀ ਯੋਜਨਾ ਮਨਰੇਗਾ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ। ਆਪਣੇ ਸੰਸਦੀ ਚੋਣ ਖੇਤਰ ਅਮੇਠੀ ਦੇ ਦੋ ਦਿਨਾ ਦੌਰੇ 'ਤੇ ਆਏ ਰਾਹੁਲ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਅੰਬਾਨੀ ਨੂੰ ਵਫਦ ਵਿਚ ਆਪਣੇ ਨਾਲ ਲੈ ਕੇ ਗਏ ਅਤੇ ਉਨ੍ਹਾਂ ਨੂੰ 30 ਹਜ਼ਾਰ ਕਰੋੜ ਰੁਪਏ ਦਾ ਠੇਕਾ ਦਿਵਾਉਣ ਵਿਚ ਮਦਦ ਕੀਤੀ।

ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ 526 ਕਰੋੜ ਰੁਪਏ ਦਾ ਰਾਫੇਲ ਜਹਾਜ਼ 1600 ਕਰੋੜ ਰੁਪਏ ਵਿਚ ਖਰੀਦਣ ਦਾ ਸੌਦਾ ਕੀਤਾ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਫਰਾਂਸ ਦੀ ਇਕ ਕੰਪਨੀ ਨੇ ਅੰਬਾਨੀ ਨੂੰ ਠੇਕਾ ਨਹੀਂ ਦਿੱਤਾ, ਸਗੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਸਾਨੂੰ ਦੱਸ ਦਿੱਤਾ ਸੀ ਕਿ ਜੇਕਰ ਰਾਫੇਲ ਜਹਾਜ਼ ਦੇਣਾ ਹੈ ਤਾਂ ਅੰਬਾਨੀ ਨੂੰ ਠੇਕਾ ਦਿਓ। ਇਹ ਫੈਸਲਾ ਕਿਸੇ ਹੋਰ ਨੇ ਨਹੀਂ, ਸਗੋਂ ਖੁਦ ਪ੍ਰਧਾਨ ਮੰਤਰੀ ਨੇ ਲਿਆ। ਸਰਕਾਰੀ ਕੰਪਨੀ ਐੱਚ. ਏ. ਐੱਲ. ਦੀ ਬਜਾਏ ਅੰਬਾਨੀ ਨੂੰ ਠੇਕਾ ਦਿਵਾ ਦਿੱਤਾ।