ਰਾਫੇਲ : ਕਾਂਗਰਸ ਵਿਰੁੱਧ ਸੜਕ ''ਤੇ ਭਾਜਪਾ, ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਦੇ ਪਾੜੇ ਪੋਸਟਰ

11/16/2019 3:40:02 PM

ਨਵੀਂ ਦਿੱਲੀ/ਕੋਲਕਾਤਾ— ਰਾਫੇਲ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸ਼ਨੀਵਾਰ ਨੂੰ ਭਾਜਪਾ ਵਰਕਰਾਂ ਨੇ ਦਿੱਲੀ ਤੋਂ ਲੈ ਕੇ ਪੱਛਮ ਬੰਗਾਲ ਤੱਕ ਕਾਂਗਰਸ ਵਿਰੁੱਧ ਪ੍ਰਦਰਸ਼ਨ ਕੀਤਾ। ਸੁਪਰੀਮ ਕੋਰਟ ਤੋਂ ਰਾਫੇਲ ਮੁੜ ਵਿਚਾਰ ਪਟੀਸ਼ਨਾਂ ਦੇ ਖਾਰਜ ਹੋਣ ਤੋਂ ਬਾਅਦ ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਦਿੱਲੀ 'ਚ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਵੀ ਪ੍ਰਦਰਸ਼ਨ ਕੀਤਾ ਅਤੇ ਰਾਫੇਲ ਮਾਮਲੇ 'ਚ ਉਨ੍ਹਾਂ ਤੋਂ ਵੀ ਮੁਆਫ਼ੀ ਦੀ ਮੰਗ ਕੀਤੀ।

ਰਾਹੁਲ ਦੇ ਪੋਸਟਰ ਪਾੜੇ
ਸ਼ਨੀਵਾਰ ਨੂੰ ਭਾਜਪਾ ਵਰਕਰਾਂ ਨੇ ਦਿੱਲੀ ਤੋਂ ਲੈ ਕੇ ਕੋਲਕਾਤਾ ਤੱਕ ਕਾਂਗਰਸ ਵਿਰੁੱਧ ਪ੍ਰਦਰਸ਼ਨ ਕੀਤਾ। ਪੱਛਮੀ ਬੰਗਾਲ 'ਚ ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰ ਗੁੱਸੇ ਹੋ ਗਏ। ਉਨ੍ਹਾਂ ਨੇ ਸੜਕ 'ਤੇ ਲੱਗੇ ਰਾਹੁਲ ਗਾਂਧੀ ਦੇ ਪੋਸਟਰ ਤੱਕ ਪਾੜ ਦਿੱਤੇ। ਉੱਥੇ ਹੀ ਨਵੀਂ ਦਿੱਲੀ 'ਚ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਵੀ ਤਿੱਖੀ ਝੜਪ ਹੋਈ।

ਵਿਰੋਧੀ ਧਿਰ ਤੋਂ ਹੋ ਰਹੀ ਮੁਆਫ਼ੀ ਦੀ ਮੰਗ
ਭਾਜਪਾ ਦੇ ਜਨਰਲ ਸਕੱਤਰ ਭੂਪੇਂਦਰ ਯਾਦਵ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਭਾਜਪਾ ਵਰਕਰ ਜ਼ਿਲਾ ਪੱਧਰ 'ਤੇ ਪ੍ਰਦਰਸ਼ਨ ਕਰਨਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ 'ਚ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ 'ਚ ਨੇਤਾਵਾਂ ਅਤੇ ਵਰਕਰਾਂ ਨੇ ਕਾਂਗਰਸ ਪਾਰਟੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਕਸ ਵਿਗਾੜਨ ਦੀ ਕੋਸ਼ਿਸ਼ ਕਰਨ ਲਈ ਵਿਰੋਧੀ ਧਿਰ ਤੋਂ ਮੁਆਫ਼ੀ ਮੰਗਣ ਲਈ ਕਿਹਾ। ਪ੍ਰਦਰਸ਼ਨਕਾਰੀਆਂ ਨੇ ਮੱਧ ਦਿੱਲੀ 'ਚ ਅਕਬਰ ਰੋਡ ਸਥਿਤ ਕਾਂਗਰਸ ਹੈੱਡ ਕੁਆਰਟਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਥਾਣੇ ਲੈ ਗਈ।

DIsha

This news is Content Editor DIsha