ਸੋਨਾ-ਚਾਂਦੀ ਨਹੀਂ, ਚੋਰਾਂ ਲਈ ਪਿਆਜ਼ ਬਣੇ ''ਖਜ਼ਾਨਾ''

10/01/2019 12:20:51 PM

ਪੁਣੇ— ਆਸਮਾਨ ਨੂੰ ਛੂਹ ਦੀਆਂ ਪਿਆਜ਼ ਦੀਆਂ ਕੀਮਤਾਂ ਨੇ ਰਸੋਈ ਦਾ ਪੂਰਾ ਬਜਟ ਹਿਲਾ ਦਿੱਤਾ ਹੈ। ਔਰਤਾਂ ਜ਼ਿਆਦਾ ਪਰੇਸ਼ਾਨੀ ਵਿਚ ਹਨ, ਕਿਉਂਕਿ ਹਰ ਸਬਜ਼ੀ ਵਿਚ ਪਿਆਜ਼ ਦਾ ਪੈਣਾ ਲਾਜ਼ਮੀ ਹੈ। ਮਹਿੰਗੇ ਪਿਆਜ਼ ਦੀ ਖ਼ਬਰਾਂ ਦਰਮਿਆਨ ਚੋਰ ਘਰ ਦੇ ਕਿਸੇ ਸਾਮਾਨ ਜਾਂ ਸੋਨੇ-ਚਾਂਦੀ ਦੀ ਥਾਂ ਪਿਆਜ਼ ਚੋਰੀ ਕਰਨ ਲੱਗ ਪਏ ਹਨ। ਹੁਣ ਚੋਰਾਂ ਲਈ ਪਿਆਜ਼ ਕਿਸੇ ਖਜ਼ਾਨੇ ਵਾਂਗ ਹੋ ਗਿਆ ਹੈ। ਮਹਾਰਾਸ਼ਟਰ ਦੇ ਪੁਣੇ ਜ਼ਿਲੇ ਵਿਚ ਦੋ ਵੱਖ-ਵੱਖ ਘਟਨਾਵਾਂ 'ਚ ਚੋਰਾਂ ਨੇ 2600 ਕਿਲੋਗ੍ਰਾਮ ਪਿਆਜ਼ 'ਤੇ ਹੱਥ ਸਾਫ ਕੀਤਾ, ਜਿਸ ਦੀ ਕੀਮਤ 35,000 ਰੁਪਏ ਦੱਸੀ ਜਾ ਰਹੀ ਹੈ। ਚੋਰਾਂ ਨੇ ਇਕ ਥਾਂ ਸਟੋਰੇਜ਼ 'ਚ ਰੱਖੇ 2,000 ਕਿਲੋਗ੍ਰਾਮ ਅਤੇ ਇਕ ਥਾਂ 600 ਕਿਲੋਗ੍ਰਾਮ ਪਿਆਜ਼ ਚੋਰੀ ਕੀਤੇ। ਪੁਣੇ ਜ਼ਿਲੇ ਦੇ ਨਥਾਚੀ ਵਾਡੀ 'ਚ ਸਤੀਸ਼ ਲਾਕੜੇ ਨਾਮੀ ਇਕ ਕਿਸਾਨ ਨੇ ਆਪਣੇ ਫਾਰਮ ਸ਼ੈੱਡ ਵਿਚ ਕਰੀਬ 15 ਟਨ (15 ਹਜ਼ਾਰ ਕਿਲੋਗ੍ਰਾਮ) ਪਿਆਜ਼ ਦਾ ਸਟਾਕ ਰੱਖਿਆ ਹੋਇਆ ਸੀ। ਸ਼ੁੱਕਰਵਾਰ ਦੀ ਸਵੇਰ ਨੂੰ ਉਹ ਫਾਰਮ 'ਤੇ ਗਿਆ, ਤਾਂ ਤਾਲਾ ਟੁੱਟਿਆ ਹੋਇਆ ਮਿਲਿਆ। 2 ਹਜ਼ਾਰ ਕਿਲੋਗ੍ਰਾਮ ਪਿਆਜ਼ ਗਾਇਬ ਮਿਲਿਆ। ਲਾਕੜੇ ਨੇ ਯਾਵਤ ਪੁਲਸ ਥਾਣੇ 'ਚ ਪਿਆਜ਼ ਚੋਰੀ ਦੀ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ। 


ਉੱਥੇ ਹੀ ਦੂਜੀ ਘਟਨਾ ਸ਼ਨੀਵਾਰ ਨੂੰ ਅੰਬੇਗਾਓਂ ਤਾਲੁਕਾ ਦੇ ਤਾਵਰੇਵਾੜੀ ਪਿੰਡ ਵਿਚ 10 ਬੋਰੀਆਂ 'ਚ ਰੱਖਿਆ 600 ਕਿਲੋਗ੍ਰਾਮ ਪਿਆਜ਼ ਚੋਰੀ ਹੋ ਗਿਆ। ਕਿਸਾਨ ਦੱਤਾਤ੍ਰੇਯ ਤਾਵਰੇ ਨੇ ਫਾਰਮ ਲੈਂਡ ਦੇ ਸਟੋਰੇਜ਼ ਸ਼ੈੱਡ ਵਿਚ 13 ਟਨ ਪਿਆਜ਼ ਰੱਖਿਆ ਸੀ। ਤਾਵਰੇ ਨੇ 200 ਬੋਰੀਆਂ ਵਿਚ ਪਿਆਜ਼ ਰੱਖਿਆ ਸੀ। ਸ਼ਨੀਵਾਰ ਨੂੰ ਪਿਆਜ਼ ਲੈਣ ਪਹੁੰਚ ਤਾਵਰੇ ਨੂੰ ਬੋਰੀਆਂ ਗਾਇਬ ਮਿਲੀਆਂ। ਉਨ੍ਹਾਂ ਨੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੀ ਵਜ੍ਹਾ ਕਰ ਕੇ ਚੋਰੀ ਕਾਫੀ ਸਰਗਰਮ ਹੋ ਗਏ ਹਨ। ਕਿਸਾਨਾਂ ਨੂੰ ਇਸ ਲਈ ਖੁਦ ਹੀ ਚੌਕਸ ਰਹਿਣਾ ਹੋਵੇਗਾ ਅਤੇ ਪਿਆਜ਼ ਸਟੋਰੇਜ਼ 'ਤੇ ਨਜ਼ਰ ਰੱਖਣੀ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਪਿਆਜ਼ 70 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ। ਪਿਆਜ਼ ਦੀ ਪੈਦਾਵਾਰ ਕਰਨ ਵਾਲੇ ਮੁੱਖ ਸੂਬਿਆਂ 'ਚ ਆਮ ਤੋਂ ਵੱਧ ਬਾਰਿਸ਼ ਕਾਰਨ ਪਿਆਜ਼ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਹਨ।

Tanu

This news is Content Editor Tanu