ਪੁਲਵਾਮਾ: ਗੁੱਟ 'ਤੇ ਬੱਝੀਆਂ ਘੜੀਆਂ, ਜੇਬ 'ਚ ਰੱਖੀ ਛੁੱਟੀ ਦੀ ਅਰਜ਼ੀ ਨਾਲ ਹੋਈ ਸ਼ਹੀਦਾਂ ਦੀ ਪਛਾਣ

02/16/2019 10:45:55 AM

ਨਵੀਂ ਦਿੱਲੀ/ਪੁਲਵਾਮਾ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸ਼ਹੀਦ ਹੋਏ 40 ਸੀ.ਆਰ.ਪੀ.ਐੱਫ. ਜਵਾਨਾਂ ਦੇ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡਾਂ-ਘਰਾਂ ਵੱਲ ਭੇਜ ਦਿੱਤੇ ਗਏ ਹਨ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਹਮਲੇ ਦੀ ਲਪੇਟ 'ਚ ਆਏ ਜਵਾਨਾਂ ਦੇ ਸਰੀਰ ਦਾ ਉਹ ਹਾਲ ਹੋ ਚੁਕਿਆ ਹੈ, ਜਿਸ ਨੂੰ ਦੱਸ ਪਾਉਣਾ ਮੁਸ਼ਕਲ ਹੈ। ਹਮਲੇ ਦੇ ਤੁਰੰਤ ਬਾਅਦ ਆਈਆਂ ਤਸਵੀਰਾਂ ਇਸ ਦੀ ਗਵਾਹੀ ਵੀ ਦੇ ਰਹੀਆਂ ਸਨ। ਮ੍ਰਿਤਕ ਦੇਹਾਂ ਦਾ ਹਾਲ ਦੇਖ ਕੇ ਇਨ੍ਹਾਂ ਦੀ ਪਛਾਣ ਕਰਨਾ ਸੀ.ਆਰ.ਪੀ.ਐੱਫ. ਜਵਾਨਾਂ ਲਈ ਬੇਹੱਦ ਮੁਸ਼ਕਲ ਸੀ। ਲਗਭਗ 200 ਕਿਲੋ ਵਿਸਫੋਟਕ ਦਾ ਇਸਤੇਮਾਲ ਕਰ ਕੇ ਕੀਤੇ ਗਏ ਇਸ ਆਤਮਘਾਤੀ ਹਮਲੇ ਤੋਂ ਬਾਅਦ ਮ੍ਰਿਤਕ ਦੇਹਾਂ ਦੀ ਹਾਲਤ ਬੇਹੱਦ ਬੁਰੀ ਹੋ ਗਈ ਸੀ। ਕਿਤੇ ਹੱਥ ਪਿਆ ਹੋਇਆ ਸੀ ਤਾਂ ਕਿਤੇ ਸਰੀਰ ਦਾ ਦੂਜਾ ਹਿੱਸਾ ਬਿਖਰਿਆ ਹੋਇਆ ਸੀ। ਜਵਾਨਾਂ ਦੇ ਬੈਗ ਕਿਤੇ ਹੋਰ ਸਨ ਤਾਂ ਉਨ੍ਹਾਂ ਦੀਆਂ ਟੋਪੀਆਂ ਕਿਤੇ ਹੋਰ ਬਿਖਰੀਆਂ ਹੋਈਆਂ ਸਨ। ਹਮਲੇ ਦੇ ਤੁਰੰਤ ਬਾਅਦ ਇਹ ਇਲਾਕਾ ਯੁੱਧ ਭੂਮੀ ਵਰਗਾ ਲੱਗਾ ਰਿਹਾ ਸੀ।
 

ਗੁੱਟ 'ਚ ਬੱਝੀ ਘੜੀ ਤੇ ਆਧਾਰ ਕਾਰਡ ਨਾਲ ਹੋਈ ਪਛਾਣ
ਸਰੀਰ ਦੇ ਇਨ੍ਹਾਂ ਹਿੱਸਿਆਂ ਅਤੇ ਸਾਮਾਨਾਂ ਨੂੰ ਇਕੱਠਾ ਕਰਨ ਤੋਂ ਬਾਅਦ ਇਨ੍ਹਾਂ ਦੀ ਪਛਾਣ ਦਾ ਕੰਮ ਸ਼ੁਰੂ ਹੋਇਆ। ਇਕ ਨਿਊਜ਼ ਏਜੰਸੀ ਅਨੁਸਾਰ ਇਸ ਕੰਮ 'ਚ ਜਵਾਨਾਂ ਦੇ ਆਧਾਰ ਕਾਰਡ, ਆਈ.ਡੀ. ਕਾਰਡ ਅਤੇ ਕੁਝ ਹੋਰ ਸਾਮਾਨਾਂ ਨਾਲ ਵੱਡੀ ਮਦਦ ਮਿਲੀ। ਕੁਝ ਜਵਾਨਾਂ ਦੀ ਪਛਾਣ ਗਲੇ 'ਚ ਲਿਪਟੇ ਉਨ੍ਹਾਂ ਦੇ ਆਈ.ਡੀ. ਕਾਰਡ ਨਾਲ ਹੋ ਗਈ। ਕੁਝ ਜਵਾਨ ਆਪਣਾ ਪੈਨ ਕਾਰਡ ਨਾਲ ਲੈ ਕੇ ਜਾ ਰਹੇ ਸਨ, ਇਸ ਦੇ ਆਧਾਰ 'ਤੇ ਉਨ੍ਹਾਂ ਦੀ ਪਛਾਣ ਹੋ ਸਕੀ। ਸ਼ਹੀਦਾਂ ਦੀ ਪਛਾਣ ਦੇ ਕੁਝ ਮਾਮਲੇ ਤਾਂ ਬੇਹੱਦ ਦਰਦ ਭਰੇ ਹਨ। ਕਈ ਜਵਾਨ ਘਰ ਜਾਣ ਲਈ ਛੁੱਟੀ ਦੀ ਅਰਜ਼ੀ ਲਿਖ ਕੇ ਆਏ ਸਨ। ਇਸ ਅਰਜ਼ੀ ਨੂੰ ਉਹ ਆਪਣੇ ਬੈਗ 'ਚ ਜਾਂ ਜੇਬ 'ਚ ਰੱਖੇ ਹੋਏ ਸਨ, ਇਸ ਦੇ ਆਧਾਰ 'ਤੇ ਉਨ੍ਹਾਂ ਨੂੰ ਪਛਾਣਿਆ ਜਾ ਸਕਿਆ। ਇਸ ਧਮਾਕੇ 'ਚ ਕਈ ਜਵਾਨਾਂ ਦੇ ਬੈਗ ਉਨ੍ਹਾਂ ਤੋਂ ਵੱਖ ਹੋ ਗਏ ਸਨ। ਅਜਿਹੇ 'ਚ ਇਨ੍ਹਾਂ ਦੀ ਪਛਾਣ ਉਨ੍ਹਾਂ ਦੇ ਗੁੱਟ ਨਾਲ ਬੱਝੀਆਂ ਘੜੀਆਂ ਨਾਲ ਹੋਈ। ਇਹ ਘੜੀਆਂ ਹਮਲੇ 'ਚ ਬਚੇ ਉਨ੍ਹਾਂ ਦੇ ਸਾਥੀਆਂ ਨੇ ਪਛਾਣੀ। ਕਈ ਜਵਾਨ ਆਪਣੀ ਜੇਬ 'ਚ ਪਰਸ ਲੈ ਕੇ ਜਾ ਰਹੇ ਸਨ। ਇਹ ਪਰਸ ਉਨ੍ਹਾਂ ਦੀ ਪਛਾਣ ਦਾ ਆਧਾਰ ਬਣੇ। ਇਨ੍ਹਾਂ ਕਈ ਕੋਸ਼ਿਸ਼ ਤੋਂ ਬਾਅਦ ਵੀ ਕੁਝ ਸ਼ਹੀਦਾਂ ਦੀ ਪਛਾਣ 'ਚ ਬੇਹੱਦ ਪਰੇਸ਼ਾਨੀ ਹੋਈ। ਇਨ੍ਹਾਂ ਦੀ ਪਛਾਣ ਲਈ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ।

DIsha

This news is Content Editor DIsha